ਲੁਧਿਆਣਾ (ਰਾਜ) : ਗੈਸ ਲੀਕ ਕਾਂਡ ’ਚ ਮੌਤ ਦੇ ਮੂੰਹ ’ਚੋਂ ਬਚ ਕੇ ਆਏ ਗੌਰਵ ਗੋਇਲ ਨੇ ‘ਜਗ ਬਾਣੀ’ ਦੀ ਟੀਮ ਨਾਲ ਗੱਲ ਕਰਦੇ ਹੋਏ ਪ੍ਰਸ਼ਾਸਨ ’ਤੇ ਹੀ ਕਈ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ-ਭਰਜਾਈ ਅਤੇ ਮਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ, ਸਗੋਂ ਪ੍ਰਸ਼ਾਸਨ ਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਲੀਗੜ੍ਹ ਤੋਂ ਹੈ ਪਰ ਲੁਧਿਆਣਾ ’ਚ ਕਰੀਬ ਪਿਛਲੇ 25 ਸਾਲਾਂ ਤੋਂ ਰਹਿ ਰਹੇ ਹਨ। ਉਨ੍ਹਾਂ ਦੇ ਘਰ ਦੇ ਆਸ-ਪਾਸ ਕਈ ਫੈਕਟਰੀਆਂ ਹਨ, ਜੋ ਕਈ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਕਰਦੀਆਂ ਹਨ। ਉਹ ਫੈਕਟਰੀ ’ਚ ਵਰਤੋਂ ਤੋਂ ਬਾਅਦ ਤੇਜ਼ਾਬੀ ਪਾਣੀ ਅਤੇ ਕੈਮੀਕਲ ਵਾਲਾ ਰਸਾਇਣ ਅਤੇ ਗੰਦੇ ਪਾਣੀ ਨੂੰ ਸਿੱਧਾ ਗਟਰ ਅੰਦਰ ਹੀ ਪਾ ਦਿੰਦੇ ਹਨ। ਉਨ੍ਹਾਂ ਦੇ ਇਲਾਕੇ ’ਚ ਅਜਿਹੀ ਬਦਬੂ ਕਾਫੀ ਸਮੇਂ ਤੋਂ ਆਉਂਦੀ ਰਹੀ ਹੈ। ਉਸ ਨੇ ਅਤੇ ਇਲਾਕੇ ਦੇ ਹੋਰਨਾਂ ਲੋਕਾਂ ਨੇ ਨਿਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਹਨ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ। ਇਸੇ ਦਾ ਨਤੀਜਾ ਹੈ ਕਿ ਅੱਜ ਇਹ ਛੋਟੀ ਲਾਪ੍ਰਵਾਹੀ 11 ਵਿਅਕਤੀਆਂ ਦੀ ਜਾਨ ਲੈ ਗਈ। ਗੌਰਵ ਨੇ ਕਿਹਾ ਕਿ ਇਹ ਫੈਕਟਰੀਆਂ ਸਿੱਧਾ-ਸਿੱਧਾ ਲੋਕਾਂ ਦੀ ਸਿਹਤ ਨਾਲ ਖੇਡਦੀਆਂ ਆ ਰਹੀਆਂ ਹਨ। ਕਾਰਵਾਈ ਦੇ ਨਾਂ ’ਤੇ ਸਿਰਫ ਅੱਜ ਤੱਕ ਖਾਨਾਪੂਰਤੀ ਹੀ ਹੁੰਦੀ ਰਹੀ ਹੈ। ਕਿਸੇ ਵੀ ਅਧਿਕਾਰੀ ਅਤੇ ਸਿਆਸੀ ਵਿਅਕਤੀ ਨੇ ਇਨ੍ਹਾਂ ’ਤੇ ਠੋਸ ਕਾਰਵਾਈ ਕਰਵਾਉਣ ਦੀ ਕਦੇ ਜ਼ਹਿਮਤ ਨਹੀਂ ਉਠਾਈ।
ਇਹ ਵੀ ਪੜ੍ਹੋ : ਮਾਲ ਗੱਡੀ ਦੀਆਂ 60 ਦੇ ਕਰੀਬ ਵੈਗਨਾਂ ਉਪਰੋਂ ਲੰਘ ਗਈਆਂ, ਟ੍ਰੈਕ ਦੇ ਵਿਚਕਾਰ ਸੁੱਤਾ ਰਿਹਾ ਵਿਅਕਤੀ
ਐਤਵਾਰ ਨੂੰ ਹੋਏ ਮੌਤ ਦੇ ਮੰਜ਼ਰ ਨੂੰ ਦੱਸਦੇ ਹੋਏ ਗੌਰਵ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ ਕਰੀਬ 5 ਵਜੇ ਦੁਕਾਨ ਖੋਲ੍ਹ ਦਿੰਦੇ ਸਨ ਕਿਉਂਕਿ ਸਵੇਰੇ-ਸਵੇਰੇ ਉਨ੍ਹਾਂ ਕੋਲ ਦੁੱਧ ਆਉਂਦਾ ਸੀ, ਜੋ ਹੋਰ ਛੋਟੇ ਦੁਕਾਨਦਾਰ ਅਤੇ ਸਪਲਾਈ ਵਾਲੇ ਉਨ੍ਹਾਂ ਤੋਂ ਲੈ ਕੇ ਜਾਂਦੇ ਸਨ। ਇਸ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਉਨ੍ਹਾਂ ਦੀ ਦੁਕਾਨ ਤੋਂ ਹੀ ਦੁੱਧ ਲੈਂਦੇ ਸਨ। ਸਵੇਰੇ ਕਰੀਬ 7 ਵਜੇ ਬਾਕੀ ਪਰਿਵਾਰ ਵਾਲੇ ਆਪਣੇ-ਆਪਣੇ ਕਮਰੇ ’ਚ ਹੀ ਸਨ। ਇਸ ਦੌਰਾਨ ਅਚਾਨਕ ਬਦਬੂ ਹਵਾ ’ਚ ਫੈਲ ਗਈ, ਜੋ ਗਟਰ ਵਲੋਂ ਆ ਰਹੀ ਸੀ। ਉਸ ਦਾ ਸਾਹ ਫੁੱਲਣਾ ਸ਼ੁਰੂ ਹੋ ਗਿਆ ਅਤੇ ਸਾਹ ਲੈਣ ’ਚ ਤਕਲੀਫ ਹੋਣ ਲੱਗੀ ਤਾਂ ਉਸ ਨੇ ਆਪਣੇ ਭਰਾ ਨੂੰ ਬੁਲਾਇਆ। ਉਸ ਦੀ ਆਵਾਜ਼ ਸੁਣ ਕੇ ਭਰਾ ਅਤੇ ਮਾਂ ਬਾਹਰ ਆਏ, ਜੋ ਇਕ-ਇਕ ਕਰ ਕੇ ਥੱਲੇ ਡਿੱਗ ਗਏ ਅਤੇ ਉਹ ਵੀ ਥੱਲੇ ਡਿੱਗ ਗਿਆ। ਜਦੋਂ ਹੋਸ਼ ਆਇਆ ਤਾਂ ਹਸਪਤਾਲ ਵਿਚ ਸੀ। ਉਸ ਨੂੰ ਫਿਰ ਪਤਾ ਲੱਗਾ ਕਿ ਗੈਸ ਚੜ੍ਹਨ ਨਾਲ ਉਸ ਦੀ ਮਾਂ, ਭਰਾ ਅਤੇ ਭਰਜਾਈ ਦੀ ਮੌਤ ਹੋ ਚੁੱਕੀ ਹੈ। ਗੌਰਵ ਗੱਲ ਕਰਦੇ ਹੋਏ ਰੋ ਪਿਆ ਤੇ ਬੋਲਿਆ ਕਿ ਮੰਜਰ ਦੱਸਦੇ ਹੋਏ ਉਸ ਦੀ ਰੂਹ ਕੰਭ ਜਾਂਦੀ ਹੈ। ਰੱਬ ਅਜਿਹਾ ਕਿਸੇ ਦੇ ਨਾਲ ਨਾ ਕਰੇ। ਗੌਰਵ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਉਸ ਦੇ ਭਰਾ ਦਾ 8 ਮਹੀਨਿਆਂ ਦਾ ਬੇਟਾ ਹੈ। ਪ੍ਰਸ਼ਾਸਨ ਵਲੋਂ ਉਸ ਦੀ ਪੜ੍ਹਾਈ ਦਾ ਖਰਚ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਾਲ ਗੱਡੀ ਦੀਆਂ 60 ਦੇ ਕਰੀਬ ਵੈਗਨਾਂ ਉਪਰੋਂ ਲੰਘ ਗਈਆਂ, ਟ੍ਰੈਕ ਦੇ ਵਿਚਕਾਰ ਸੁੱਤਾ ਰਿਹਾ ਵਿਅਕਤੀ
NEXT STORY