ਮਾਛੀਵਾੜਾ ਸਾਹਿਬ (ਟੱਕਰ)— ਨੇੜਲੇ ਪਿੰਡ ਟਾਂਡਾ ਕੁਸ਼ਲ ਸਿੰਘ ਦਾ ਵਾਸੀ ਬਲਬੀਰ ਸਿੰਘ (36) ਜੋ ਕਿ ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਅਤੇ 11 ਸਾਲ ਬਾਅਦ ਪਰਤਿਆ ਵੀ ਤਾਂ ਉਹ ਵੀ ਮ੍ਰਿਤਕ ਰੂਪ ਵਿਚ ਜਿਸ ਕਾਰਨ ਜਿੱਥੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੀ, ਉਥੇ ਹੀ ਪਿੰਡ 'ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ। ਕਿਸਾਨ ਕਰਮ ਸਿੰਘ ਦਾ ਪੁੱਤਰ ਬਲਬੀਰ ਸਿੰਘ ਜੋ ਕਿ 2008 'ਚ ਰੁਜ਼ਗਾਰ ਲਈ ਜਰਮਨ ਗਿਆ ਸੀ ਅਤੇ ਉਥੇ ਪਿਛਲੇ 11 ਸਾਲ ਤੋਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਬਲਬੀਰ ਸਿੰਘ ਵੁਲਫਸਬਰਗ ਦੇ ਸ਼ਹਿਰ ਲਿਟਾਓ ਵਿਖੇ ਇਕ ਰੈਸਟੋਰੈਂਟ ਅੰਦਰ ਬਤੌਰ ਕੁੱਕ ਕੰਮ ਕਰ ਰਿਹਾ ਸੀ ਕਿ ਅਚਾਨਕ 16 ਅਕਤੂਬਰ ਨੂੰ ਉਸਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਬਲਬੀਰ ਸਿੰਘ ਜਰਮਨ 'ਚ ਪੱਕਾ ਹੋਣ ਲਈ ਸੰਘਰਸ਼ ਕਰ ਰਿਹਾ ਸੀ ਅਤੇ ਉਸਦੀ ਇੱਛਾ ਸੀ ਕਿ ਉਹ ਵਿਦੇਸ਼ ਵਿਚ ਪੱਕਾ ਹੋਣ ਤੋਂ ਬਾਅਦ ਪਿੰਡ ਪਰਤੇਗਾ ਜਿਸ ਕਾਰਨ ਉਹ ਪਿੰਡ ਰਹਿੰਦੇ ਆਪਣੇ ਮਾਪਿਆਂ, ਪਤਨੀ ਤੇ ਬੱਚਿਆਂ ਤੋਂ 11 ਸਾਲ ਦੂਰ ਰਿਹਾ।

ਜਾਣਕਾਰੀ ਅਨੁਸਾਰ ਬਲਬੀਰ ਸਿੰਘ ਨੂੰ ਕੁੱਝ ਮਹੀਨਿਆਂ ਬਾਅਦ ਜਰਮਨ ਦੀ ਨਾਗਰਿਕਤਾ ਮਿਲਣ ਵਾਲੀ ਸੀ ਜਿਸ ਤੋਂ ਬਾਅਦ ਉਸਨੇ ਪਿੰਡ ਪਰਤਣਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਉਹ ਜਿਊਂਦੇ ਜੀਅ ਤਾਂ ਪਿੰਡ ਨਹੀਂ ਪਰਤ ਸਕਿਆ ਅਤੇ ਅੱਜ 11 ਸਾਲ ਬਾਅਦ ਮ੍ਰਿਤਕ ਰੂਪ ਵਿਚ ਆਪਣੀ ਪਿੰਡ ਦੀ ਮਿੱਟੀ 'ਚ ਮਿੱਟੀ ਹੋ ਗਿਆ। ਬੀਤੀ ਰਾਤ ਉਸਦੀ ਮ੍ਰਿਤਕ ਦੇਹ ਜਰਮਨ ਤੋਂ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਪਹੁੰਚੀ ਅਤੇ 11 ਸਾਲ ਬਾਅਦ ਮਾਪਿਆਂ, ਬੱਚਿਆਂ ਤੇ ਉਸਦੀ ਪਤਨੀ ਨੂੰ ਬਲਬੀਰ ਸਿੰਘ ਮ੍ਰਿਤਕ ਰੂਪ ਵਿਚ ਦੇਖਣਾ ਨਸੀਬ ਹੋਇਆ।
ਪਿੰਡ ਦੇ ਸ਼ਮਸ਼ਾਨ ਘਾਟ 'ਚ ਬਲਬੀਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਿੱਥੇ ਪਿਤਾ ਕਰਮ ਸਿੰਘ, ਲੜਕੇ ਹਰਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੇ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ। ਇਸ ਮੌਕੇ ਪਰਿਵਾਰ ਨਾਲ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਸਾਬਕਾ ਸਰਪੰਚ ਦਲਜੀਤ ਸਿੰਘ ਬੁੱਲੇਵਾਲ, ਕੁਲਵਿੰਦਰ ਸਿੰਘ ਮਾਣੇਵਾਲ, ਬਹਾਦਰ ਸਿੰਘ, ਸੁਰਿੰਦਰ ਸਿੰਘ, ਕਰਨੈਲ ਸਿੰਘ, ਇੰਦਰਜੀਤ ਸਿੰਘ, ਡਾ. ਬਲਵਿੰਦਰ ਸਿੰਘ, ਅਜੈਬ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
'ਦਾਖਾ' 'ਚ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਰਿਹਾ ਬਾਹਰੀ ਉਮੀਦਵਾਰ
NEXT STORY