ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਗੁੱਜਰਾਂ ਕਲਾਂ ਸਤਲੁਜ ਬੰਨ੍ਹ ਨੇੜੇ ਬਾਗਬਾਨੀ ਮਹਿਕਮੇ ਦੀ ਸਰਕਾਰੀ ਜ਼ਮੀਨ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਕਾਰਨ 7 ਅਗਸਤ ਨੂੰ ਬਾਗਬਾਨੀ ਦੇ ਅਧਿਕਾਰੀ ਪ੍ਰਸਾਸ਼ਨ ਦੇ ਹੁਕਮਾਂ ਅਧੀਨ ਉਸ ਜ਼ਮੀਨ 'ਤੇ ਕਬਜ਼ਾ ਲੈਣ ਪੁੱਜੇ ਪਰ ਪਿਛਲੇ ਕੁਝ ਸਾਲਾਂ ਤੋਂ ਜ਼ਮੀਨ 'ਤੇ ਕਬਜ਼ਾ ਕਰਕੇ ਬੈਠੇ ਇੰਸਾਂ ਸਿੰਘ ਦੇ ਪਰਿਵਾਰਕ ਮੈਂਬਰ ਤੇ ਪੁਲਸ ਆਹਮੋ- ਸਾਹਮਣੇ ਹੋ ਗਏ।
ਕਬਜ਼ਾ ਛੁਡਾਉਣ ਪੁੱਜੇ ਪ੍ਰਸ਼ਾਸਨ ਅਧਿਕਾਰੀ ਨੇ ਦੱਸਿਆ ਕਿ ਉਸ ਸਰਕਾਰੀ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਹਨ, ਜਿਸ ਕਾਰਨ ਉਹ ਇੱਥੇ ਪੁੱਜੇ ਤਾਂ ਕਬਜ਼ਾ ਕਰਨ ਵਾਲੇ ਪਰਿਵਾਰ ਦੀ ਕੁੜੀ ਸਿਮਰਨਜੋਤ ਕੌਰ (27) ਪੁੱਤਰੀ ਇੰਸਾਂ ਨੇ ਕੀਟਨਾਸ਼ਕ ਦਵਾਈ ਨਿਗਲ ਲਈ, ਜਿਸ ਕਾਰਨ ਲੜਕੀ ਨੂੰ ਲੁਧਿਆਣਾ ਡੀ. ਐੱਮ. ਸੀ. ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ 8 ਅਗਸਤ ਰਾਤ ਨੂੰ ਉਸ ਦੀ ਮੌਤ ਹੋ ਗਈ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕੜਾ ਡਕੌਦਾ, ਪੇਂਡੂ ਮਜ਼ਦੂਰ ਯੂਨੀਅਨ ਦੇ ਕੁਝ ਵਰਕਰ ਥਾਣਾ ਲਾਡੋਵਾਲ ਪੁੱਜੇ, ਜਿਥੇ ਮ੍ਰਿਤਕ ਲੜਕੀ ਦੇ ਭਰਾ ਲਖਵਿੰਦਰ ਸਿੰਘ, ਦੀਪ ਸਿੰਘ ਗਾਲਿਬ, ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀ ਸਿਮਰਨਜੋਤ ਕੌਰ ਦੇ ਮੌਤ ਦੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
ਲਖਵਿੰਦਰ ਨੇ ਦੱਸਿਆ ਕਿ ਇਸ ਜ਼ਮੀਨ ’ਤੇ ਲੰਮੇ ਸਮੇਂ ਤੋਂ ਕਬਜ਼ਾ ਹੈ, ਜਿਸ ਦਾ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ ਪਰ ਬਾਗਬਾਨੀ ਮਹਿਕਮੇ ਨੇ ਉਨਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਕਬਜ਼ਾ ਕਰ ਲਿਆ, ਜਿਸ ਕਾਰਨ ਉਸਦੀ ਛੋਟੀ ਭੈਣ ਸਿਮਰਨਜੋਤ ਕੌਰ ਨੇ ਜ਼ਹਿਰ ਨਿਗਲ ਲਿਆ ਅਤੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਏ. ਸੀ. ਪੀ. ਵੈਸਟ ਗੁਰਪ੍ਰੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਸਾਰੀ ਸਥਿਤੀ ਨੂੰ ਸੰਭਾਲਿਆ ਅਤੇ ਪੀੜਤ ਪੱਖ ਦੇ ਪਰਿਵਾਰ ਨੂੰ ਸਮਝਾ ਕੇ ਮ੍ਰਿਤਕ ਲੜਕੀ ਦੇ ਪੋਸਟਮਾਟਰਮ ਕਰਵਾਉਣ ਲਈ ਰਾਜ਼ੀ ਕੀਤਾ, ਜਿਸ ਤੋਂ ਬਾਅਦ ਲੜਕੀ ਦੇ ਭਰਾ ਦੇ ਬਿਆਨ ਦਰਜ ਕੀਤੇ ਗਏ ਅਤੇ ਪੋਸਟਮਾਟਰਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪੀ ਗਈ। ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਧਾਰਾ-174 ਦੀ ਕਾਰਵਾਈ ਕਰ ਦਿੱਤੀ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
GST ਵਿਭਾਗ ਨੇ ਰੇਲਵੇ ਸਟੇਸ਼ਨ ਦੇ ਬਾਹਰੋਂ 17 ਪਾਰਸਲ ਫੜੇ, ਨਿਯਮਾਂ ’ਚ ਉਲਝੇ ਰਹੇ ਅਧਿਕਾਰੀ
NEXT STORY