ਲੁਧਿਆਣਾ (ਜ.ਬ.) : ਟਿੱਬਾ ਦੀ ਗਰੇਵਾਲ ਕਾਲੋਨੀ ’ਚ ਇਕ ਕੁੜੀ ਆਪਣੇ ਹੀ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਵਿਦੇਸ਼ੀ ਕਰੰਸੀ ਕਥਿਤ ਤੌਰ ’ਤੇ ਚੋਰੀ ਕਰਕੇ ਇਕ ਨੌਜਵਾਨ ਨਾਲ ਫਰਾਰ ਹੋ ਗਈ। ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਗੰਭੀਰ ਧਾਰਾਵਾਂ ਤਹਿਤ 2 ਭਰਾਵਾਂ ਅਤੇ ਉਨ੍ਹਾਂ ਦੀ ਇਕ ਸਹਿਯੋਗੀ ਔਰਤ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਦੋਸ਼ ਹੈ ਕਿ ਕਥਿਤ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਦੇ ਘਰ ਦਾਖ਼ਲ ਹੋ ਕੇ ਉਸ ਨਾਲ ਕੁੱਟ-ਮਾਰ ਵੀ ਕੀਤੀ ਸੀ। ਪੀੜਤ ਆਪਣੀ ਬੇਟੀ ਨੂੰ ਮੁਲਜ਼ਮਾਂ ਨਾਲ ਮੇਲ-ਜੋਲ ਰੱਖਣ ਤੋਂ ਰੋਕਦਾ ਸੀ। ਇਸ ਮਾਮਲੇ ਵਿਚ 3 ਅਣਪਛਾਤੇ ਵਿਅਕਤੀਆਂ ਨੂੰ ਵੀ ਸਹਿ-ਦੋਸ਼ੀ ਬਣਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਤੋਂ ਪਰਤੀ ਨਵ-ਵਿਆਹੁਤਾ ਦੀ ਮੌਤ (ਤਸਵੀਰਾਂ)
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ 55 ਸਾਲਾ ਪੀੜਤ ਮਹਿੰਦਰ ਸਿੰਘ ਇਕ ਹੌਜ਼ਰੀ ’ਚ ਓਵਰਲਾਕ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਗੁਆਂਢ ’ਚ ਮਮਤਾ ਨਾਮ ਦੀ ਇਕ ਜਨਾਨੀ ਰਹਿੰਦੀ ਹੈ, ਜਿਸ ਦੇ ਘਰ ਰਾਹੋਂ ਰੋਡ ਦੀ ਏਕਤਾ ਕਾਲੋਨੀ ਦੇ ਬੋਧ ਰਾਜ ਦਾ ਆਉਣਾ-ਜਾਣਾ ਹੈ। ਬੋਧ ਦਾ ਭਰਾ ਹੈਪੀ ਉਕਤ ਔਰਤ ਨੂੰ ਆਪਣਾ ਕਰੀਬੀ ਰਿਸ਼ਤੇਦਾਰ ਦੱਸਦਾ ਹੈ। ਮਹਿੰਦਰ ਦਾ ਦੋਸ਼ ਹੈ ਕਿ ਉਸ ਦੀ ਬੇਟੀ ਉਕਤ ਲੋਕਾਂ ਦੇ ਝਾਂਸੇ ’ਚ ਆਈ ਹੋਈ ਹੈ। ਕਥਿਤ ਮੁਲਜ਼ਮ ਉਸ ਦੀ ਬੇਟੀ ਨੂੰ ਗਲਤ ਸੋਸਾਇਟੀ ਵਿਚ ਧੱਕਣ ਦਾ ਯਤਨ ਕਰ ਰਹੇ ਹਨ, ਜਿਸ ਦਾ ਉਹ ਵਿਰੋਧ ਕਰਦਾ ਆ ਰਿਹਾ ਹੈ। ਉਸ ਨੇ ਬੇਟੀ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਕਥਿਤ ਮੁਲਜ਼ਮਾਂ ਦੀ ਸ਼ਹਿ ’ਤੇ ਬੇਟੀ ਨੇ ਉਲਟਾ ਉਸ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਵਿਆਹ ਤੋਂ ਕੁੱਝ ਮਹੀਨੇ ਬਾਅਦ ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਨੇ ਕਿਹਾ ਧੀ ਦਾ ਹੋਇਆ ਕਤਲ
ਉਸ ਦਾ ਦੋਸ਼ ਹੈ ਕਿ ਪਿਛਲੇ ਮਹੀਨੇ ਦੀ 20 ਅਗਸਤ ਦੀ ਸ਼ਾਮ ਨੂੰ ਕਰੀਬ 4 ਵਜੇ ਮਮਤਾ ਨੇ ਉਸ ਦੀ ਬੇਟੀ ਨੂੰ ਆਪਣੇ ਘਰ ਬੁਲਾਇਆ, ਜਿੱਥੇ ਬੋਧ ਰਾਜ ਵੀ ਆਇਆ ਹੋਇਆ ਸੀ, ਜੋ ਉਸ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਵਰਗਲਾ ਕੇ ਲੈ ਗਿਆ। ਇਸ ਗੱਲ ਦਾ ਪਤਾ ਜਦੋਂ ਉਸ ਨੂੰ ਲੱਗਾ ਤਾਂ ਉਹ ਇਲਾਕੇ ਦੇ ਪਤਵੰਤੇ ਲੋਕਾਂ ਨੂੰ ਨਾਲ ਲੈ ਕੇ ਮਮਤਾ ਦੇ ਘਰ ਗਿਆ ਤਾਂ ਉਸ ਦੇ ਨਾਲ ਗਾਲੀ-ਗਲੋਚ ਕੀਤਾ, ਜਿਸ ’ਤੇ ਉਹ ਵਾਪਸ ਆਪਣੇ ਘਰ ਆ ਗਿਆ। ਮਹਿੰਦਰ ਦਾ ਕਹਿਣਾ ਹੈ ਕਿ ਕਰੀਬ ਅੱਧੇ ਘੰਟੇ ਬਾਅਦ ਹੈਪੀ ਅਤੇ ਮਮਤਾ ਆਪਣੇ 2 ਅਣਪਛਾਤੇ ਸਾਥੀਆਂ ਨਾਲ ਉਸ ਦੇ ਘਰ ਆ ਧਮਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਮੁਹੱਲੇ ਦੇ ਕੁਝ ਲੋਕਾਂ ਨੇ ਵਿਚ ਬਚਾਅ ਕਰਕੇ ਉਸ ਦੀ ਜਾਨ ਬਚਾਈ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਸਮਾਜ ਵਿਚ ਬਦਨਾਮੀ ਦੇ ਡਰੋਂ ਉਹ ਆਪਣੇ ਪੱਧਰ ’ਤੇ ਝਗੜੇ ਨੂੰ ਸੁਲਝਾਉਣ ਦਾ ਯਤਨ ਕਰ ਰਿਹਾ ਸੀ ਤਾਂ ਮੁਲਜ਼ਮਾਂ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਦੀ ਬੇਟੀ ਨੂੰ ਵਾਪਸ ਘਰ ਭੇਜ ਦਿੱਤਾ, ਜੋ 1 ਸਤੰਬਰ ਨੂੰ ਘਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 100 ਕੈਨੇਡੀਅਨ ਡਾਲਰ ਅਤੇ ਹੋਰ ਸਾਮਾਨ ਕਥਿਤ ਤੌਰ ’ਤੇ ਚੋਰੀ ਕਰ ਕੇ ਬੋਧ ਰਾਜ ਅਤੇ ਹੋਰਨਾਂ ਮੁਲਜ਼ਮਾਂ ਨਾਲ ਫਰਾਰ ਹੋ ਗਈ।
ਇਹ ਵੀ ਪੜ੍ਹੋ : ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਛਾਪਾ, ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਇਤਰਾਜ਼ਯੋਗ ਹਾਲਤ ’ਚ ਫੜੇ
ਉਸ ਦਾ ਕਹਿਣਾ ਹੈ ਕਿ ਬਾਵਜੂਦ ਇਸ ਦੇ ਉਹ ਚੁੱਪ ਰਿਹਾ ਪਰ ਉਸ ਦਾ ਬਰਦਾਸ਼ਤ ਕਰਨ ਦਾ ਮਾਦਾ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਮੁਲਜ਼ਮਾਂ ਨੇ ਉਸ ਨੂੰ ਫਿਰ ਧਮਕਾਉਣਾ ਸ਼ੁਰੂ ਕਰ ਦਿੱਤਾ। ਮਜਬੂਰ ਹੋ ਕੇ ਉਸ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਈ। ਥਾਣਾ ਮੁਖੀ ਇੰਸਪੈਕਟਰ ਪ੍ਰਮੋਦ ਦਾ ਕਹਿਣਾ ਹੈ ਕਿ ਇਸ ਸਬੰਧੀ ਬੋਧ ਰਾਜ, ਬੋਧ ਦੇ ਭਰਾ ਹੈਪੀ, ਮਮਤਾ ਅਤੇ ਇਨ੍ਹਾਂ ਦੇ 3 ਅਣਪਛਾਤੇ ਸਾਥੀਆਂ ਖਿਲਾਫ 323, 324, 452, 380, 120-ਬੀ, 506 ਅਤੇ 34 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਇੰਪਰੂਵਮੈਂਟ ਟਰੱਸਟ ਦੀ ਵਿਵਾਦਿਤ ਜ਼ਮੀਨ ਬਾਰੇ ਮੰਤਰੀ 'ਆਸ਼ੂ' ਦਾ ਟਵੀਟ, ਪੰਜਾਬ ਸਰਕਾਰ ਨੂੰ ਕੀਤੀ ਖ਼ਾਸ ਮੰਗ
NEXT STORY