ਜਲਾਲਾਬਾਦ(ਗੋਇਲ)—ਪੁੱਤਰ ਦੇ ਮੋਹ ਵਿਚ ਮੁੰਡਿਆਂ ਦੇ ਮੁਕਾਬਲੇ ਘੱਟ ਹੋ ਰਹੀ ਲੜਕੀਆਂ ਦੀ ਗਿਣਤੀ ਦਾ ਖਤਰਨਾਕ ਚਿਹਰਾ ਅੱਜ ਕੰਜਕ ਪੂਜਨ 'ਤੇ ਸਪੱਸ਼ਟ ਤੌਰ 'ਤੇ ਵੇਖਣ ਨੂੰ ਮਿਲਿਆ। ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ 'ਤੇ ਕੰਜਕਾਂ ਦੀ ਭਾਰੀ ਘਾਟ ਰਹੀ। ਕੰਜਕਾਂ ਦੀ ਘਾਟ ਨੇ ਸਾਰਿਆਂ ਨੂੰ ਮਹਿਸੂਸ ਕਰਵਾ ਦਿੱਤਾ ਕਿ ਜੇਕਰ ਕੰਨਿਆ ਭਰੂਣ ਹੱਤਿਆ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ 'ਚ ਸਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਕੰਜਕਾਂ ਨੂੰ ਲੱਭਦੇ ਦਿਸੇ ਸ਼ਰਧਾਲੂ
ਸ਼ਨੀਵਾਰ ਨੂੰ ਸ਼ਰਧਾਲੂ ਨੇੜੇ ਦੇ ਮੁਹੱਲਿਆਂ ਵਿਚ ਕੰਨਿਆਵਾਂ ਨੂੰ ਲੱਭਦੇ ਨਜ਼ਰ ਆਏ। ਹਾਲਾਤ ਇਹ ਰਹੇ ਕਿ ਇਕ-ਇਕ ਕੰਨਿਆ ਨੂੰ ਕਈ-ਕਈ ਘਰਾਂ ਵਿਚ ਪ੍ਰਸ਼ਾਦ ਗ੍ਰਹਿਣ ਕਰਨ ਲਈ ਜਾਣਾ ਪਿਆ। ਹਾਲਾਤ ਇਹ ਵੀ ਵੇਖਣ ਨੂੰ ਮਿਲੇ ਕਿ ਪੂਜਨ ਲਈ ਇਕ ਕੰਜਕ ਦੇ ਪਿੱਛੇ ਛੇ-ਛੇ ਸ਼ਰਧਾਲੂ ਉਡੀਕ ਕਰਦੇ ਹੋਏ ਵਿਖਾਈ ਦਿੱਤੇ।
ਕਈ ਘੰਟੇ ਕਰਨੀ ਪਈ ਉਡੀਕ
ਕੰਜਕ ਪੂਜਨ ਦੌਰਾਨ ਕੰਨਿਆ ਭਰੂਣ ਹੱਤਿਆ ਦਾ ਖਤਰਨਾਕ ਚਿਹਰਾ ਵੇਖਣ ਨੂੰ ਮਿਲਿਆ। ਕੰਨਿਆਵਾਂ ਦੀ ਘਾਟ ਕਾਰਨ ਸ਼ਰਧਾਲੂਆਂ ਨੂੰ ਕੰਜਕ ਪੂਜਨ ਲਈ ਕਈ ਘੰਟੇ ਉਡੀਕ ਕਰਨੀ ਪਈ। ਕੰਜਕਾਂ ਦੀ ਘਾਟ ਹੋਣ ਕਾਰਨ ਡਿਊਟੀ 'ਤੇ ਜਾਣ ਵਾਲੇ ਕਰਮਚਾਰੀ ਲੇਟ ਹੋ ਗਏ ਤੇ ਔਰਤਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੰਜਕਾਂ ਦੀ ਐਡਵਾਂਸ ਬੁਕਿੰਗ
ਲੋਕਾਂ ਨੂੰ ਕੰਜਕ ਪੂਜਨ ਲਈ ਕੰਨਿਆਵਾਂ ਦੀ ਘਾਟ ਹੋਣ ਦਾ ਪਹਿਲਾਂ ਹੀ ਪਤਾ ਸੀ। ਇਸ ਕਰਕੇ ਕਈ ਲੋਕਾਂ ਨੇ ਸ਼ੁੱਕਰਵਾਰ ਨੂੰ ਹੀ ਆਪਣੇ ਘਰਾਂ ਲਈ ਕੰਜਕਾਂ ਨੂੰ ਸੱਦਾ ਦੇ ਦਿੱਤਾ ਸੀ ਪਰ ਫਿਰ ਵੀ ਅਜਿਹੇ ਸ਼ਰਧਾਲੂਆਂ ਨੂੰ ਕਾਫੀ ਸਮੱਸਿਆ ਆਈ।
ਕੰਨਿਆ ਭਰੂਣ ਹੱਤਿਆ ਦਾ ਦਿਸਿਆ ਅਸਰ
ਸਰਕਾਰ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਚਲਾਈ ਕੰਨਿਆ ਭਰੂਣ ਹੱਤਿਆ ਜਾਗਰੂਕਤਾ ਮੁਹਿੰਮ ਦੇ ਬਾਵਜੂਦ ਸਮਾਜਕ ਬੁਰਾਈ ਕੰਟਰੋਲ ਹੁੰਦੀ ਵਿਖਾਈ ਨਹੀਂ ਦੇ ਰਹੀ ਹੈ। ਹਾਲਾਤ ਇਹ ਰਹੇ ਕਿ ਕਈ ਸ਼ਰਧਾਲੂ ਗਲੀ ਵਿਚ ਦੋ-ਦੋ ਮਹੀਨਿਆਂ ਦੀਆਂ ਛੋਟੀਆਂ ਬੱਚੀਆਂ ਨੂੰ ਵੀ ਕੰਜਕ ਪੂਜਨ ਲਈ ਆਪਣੇ ਘਰ ਲੈ ਆਏ।
ਧੀਆਂ ਨੂੰ ਪੁੱਤ ਸਮਝੋ
ਸਥਾਨਕ ਵਾਸੀ ਸੀਮਾ ਦਾਹੂਜਾ ਨੇ ਕਿਹਾ ਕਿ ਜੇਕਰ ਭਰੂਣ ਹੱਤਿਆ ਨਾ ਕਰੀਏ ਅਤੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝੀਏ ਤਾਂ ਕੰਜਕ ਪੂਜਨ ਦੇ ਦਿਨ ਸਾਨੂੰ ਦੂਜਿਆਂ ਮੁਹੱਲਿਆਂ ਤੋਂ ਕੰਜਕਾਂ ਇਕੱਠੀਆਂ ਕਰਨ ਦੀ ਲੋੜ ਨਾ ਪਵੇ। ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਮਾਤਾ ਰਾਣੀ ਦੇ ਨਰਾਤੇ ਰੱਖਦੇ ਹਨ, ਪੂਜਾ ਕਰਦੇ ਹਨ ਤਾਂ ਅਜਿਹਾ ਮਾੜਾ ਕੰਮ ਕਰਦੇ ਸਮੇਂ ਉਹ ਸਭ ਕੁਝ ਯਾਦ ਰੱਖਣ।
ਲੋਕਾਂ ਦਾ ਸਹਿਯੋਗ ਜ਼ਰੂਰੀ
ਕਹਾ ਕਿ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਕਈ ਸਕੀਮਾਂ ਅਤੇ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਇਸ ਵਿਚ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਗ ਨੂੰ ਸਮਾਜਕ ਬੁਰਾਈ ਨੂੰ ਖਤਮ ਕਰਨ ਲਈ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ
NEXT STORY