ਰੂਪਨਗਰ— ਨਾਗਰਿਕਤਾ ਸੋਧ ਕਾਨੂੰਨ 'ਚ ਮੁਸਲਿਮ ਧਰਮ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦਆਰਾ ਸ੍ਰੀ ਭੱਠਾ ਸਾਹਿਬ 'ਚ ਸ਼ਹੀਦੀ ਜੋੜ ਮੇਲ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਗਰਿਕਤਾ ਸੋਧ ਕਾਨੂੰਨ ਲਈ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਬੁਲ ਤੋਂ ਜੋ ਸਿੱਖ ਭਾਰਤ ਆਏ ਸਨ, ਉਨ੍ਹਾਂ ਨੂੰ ਵੀ ਹੁਣ ਨਾਗਰਿਕਤਾ ਮਿਲੇਗੀ। ਇਸ ਬਿਲ ਨਾਲ ਆਪਸੀ ਭਾਈਚਾਰਕ ਸਾਂਝ ਵਧੇਗੀ। ਲੌਂਗੋਵਾਲ ਨੇ ਕਿਹਾ ਕਿ 1704 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਲਾ ਕੋਟਲਾ ਨਿਹੰਗ ਖਾਂ 'ਚ ਸੇਵਾ ਕਰਨ ਵਾਲੇ ਨਿਹੰਗ ਖਾਂ ਪਠਾਨ ਦੇ ਪਰਿਵਾਰ ਨੂੰ ਪਾਕਿਸਤਾਨ ਤੋਂ ਬੁਲਾ ਕੇ ਸ਼੍ਰੋਮਣੀ ਕਮੇਟੀ ਸਨਮਾਨਤ ਕਰੇਗੀ।
ਉਨ੍ਹਾਂ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1704 'ਚ ਕਿਲਾ ਆਨੰਦਗੜ ਸਾਹਿਬ ਛੱਡਿਆ ਸੀ ਤਾਂ ਗੁਰੂ ਜੀ ਕੋਟਲਾ ਨਿਹੰਗ ਖਾਂ ਦੇ ਕਿਲੇ 'ਚ ਪਹੁੰਚੇ ਸਨ। ਇਥੇ ਕਿਲੇ 'ਚ ਨਿਹੰਗ ਖਾਂ ਪਠਾਨ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕੋਟਲਾ ਨਿਹੰਗ ਖਾਂ 'ਚ ਪੁਰਾਤਨ ਕਿਲਾ ਜੋਕਿ ਇਨ੍ਹੀਂ ਦਿਨੀਂ ਅਣਦੇਖੀ ਦਾ ਸ਼ਿਕਾਰ ਹੈ, ਉਸ ਨੂੰ ਖਰੀਦਣ ਲਈ ਪਹਿਲਾਂ 5 ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਕਿਲੇ ਦੇ ਮਾਲਕਾਂ ਵੱਲੋਂ ਕੀਮਤ ਵੱਧ ਮੰਗਣ ਦੇ ਕਾਰਨ ਫਿਲਹਾਲ ਇਸ ਨੂੰ ਖਰੀਦਿਆ ਨਹੀਂ ਜਾ ਸਕਿਆ ਹੈ। ਕਿਲੇ ਦੇ ਮਾਲਕਾਂ ਨਾਲ ਗੱਲਬਾਤ ਜਾਰੀ ਹੈ ਅਤੇ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਕਿ ਇਤਿਹਾਸਕ ਕਿਲੇ ਨੂੰ ਖਰੀਦਦਾਰ ਇਥੇ ਯਾਦਗਾਰ ਬਣਾਈ ਜਾ ਸਕੇ।
ਲੌਂਗੋਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਕਿਤਾਬਾਂ ਛਾਪ ਕੇ ਵੰਡੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਆਈ. ਟੀ. ਵਿੰਗ ਦੇ ਮੱਧ ਨਾਲ ਸੋਸ਼ਲ ਮੀਡੀਆ 'ਤੇ ਸਿੱਖੀ ਦੇ ਇਤਿਹਾਸ ਦਾ ਪ੍ਰਚਾਰ ਕਰੇਗੀ ਤਾਂਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ।
ਪਟਿਆਲਾ: ਨਾਗਰਿਕਤਾ ਸੋਧ ਐਕਟ ਦੇ ਖਿਲਾਫ ਮੁਸਲਿਮ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
NEXT STORY