ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ 'ਚ ਪ੍ਰਾਈਵੇਟ ਸੈਕਟਰ 'ਚ ਥਰਮਲ ਪਲਾਂਟ ਲਾ ਕੇ ਬਿਜਲੀ ਪੈਦਾਵਾਰ ਕਰਨ ਦੀ ਮੁਹਿੰਮ ਨੂੰ ਇਕ ਹੋਰ ਵੱਡਾ ਝਟਕਾ ਲੱਗਾ, ਜਦੋਂ ਰਾਜਪੁਰਾ ਮਗਰੋਂ ਹੁਣ ਗੋਇੰਦਵਾਲ ਸਾਹਿਬ ਪਲਾਂਟ ਵਿਕਰੀ ਲਈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਕੋਲ ਪੁੱਜ ਗਿਆ। ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਇੰਦਵਾਲ ਸਾਹਿਬ ਪਲਾਂਟ ਚਲਾ ਰਹੀ ਜੀ. ਵੀ. ਕੇ. ਕੰਪਨੀ ਨੇ ਇਹ ਪਲਾਂਟ 4 ਹਜ਼ਾਰ ਕਰੋੜ ਰੁਪਏ 'ਚ ਪਾਵਰਕਾਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਸ 'ਚੋਂ 3 ਹਜ਼ਾਰ ਕਰੋੜ ਰੁਪਏ ਬੈਂਕਾਂ ਦਾ ਕਰਜ਼ਾ ਹੈ, ਜਦੋਂਕਿ 1 ਹਜ਼ਾਰ ਕਰੋੜ ਕੰਪਨੀ ਦੀ ਇਕਵਿਟੀ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਕਿੰਨੀ ਰਕਮ 'ਚ ਪਲਾਂਟ ਵਿਕਾਊ ਹੈ ਪਰ ਪਾਵਰਕਾਮ ਵੱਲੋਂ ਪਲਾਂਟ ਦੀ ਖ਼ਰੀਦ ਲਈ ਕਮੇਟੀ ਗਠਿਤ ਕਰਨ ਦੀ ਮੁਹਿੰਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪਾਵਰਕਾਮ 'ਚ ਇਕ ਸਰਕਾਰੀ ਹੁਕਮ ਜਾਰੀ ਕੀਤਾ ਗਿਆ, ਜਿਸ 'ਚ ਕਿਹਾ ਗਿਆ ਕਿ ਨਾਭਾ ਪਾਵਰ ਲਿਮਟਿਡ ਦੀ ਤਜਵੀਜ਼ ਨੂੰ ਵਿਚਾਰਨ ਲਈ ਬਣਾਈ ਗਈ ਕਮੇਟੀ ਨੂੰ ਜੀ. ਵੀ. ਕੇ. ਪਾਵਰ ਲਿਮਟਿਡ ਦੇ 540 ਮੈਗਾਵਾਟ ਦੇ ਕੋਲਾ ਆਧਾਰਿਤ ਪਲਾਂਟ ਟੀ. ਪੀ. ਪੀ. ਗੋਇੰਦਵਾਲ ਸਾਹਿਬ ਦੇ ਮੁਲਾਂਕਣ ਲਈ ਵੀ ਅਧਿਕਾਰ ਦਿੱਤਾ ਜਾਂਦਾ ਹੈ। ਇਸ ਕਮੇਟੀ ਦੇ ਚੇਅਰਮੈਨ ਇੰਜੀ. ਵਰਦੀਪ ਸਿੰਘ ਮੰਡੇਰ ਚੀਫ ਇੰਜੀਨੀਅਰ ਪੀ. ਪੀ. ਆਰ. ਹਨ, ਜਦਕਿ ਮੈਂਬਰਾਂ 'ਚ ਇੰਜੀ. ਜਯੇਂਦਰ ਸਿੰਘ ਗਰੇਵਾਲ ਚੀਫ ਇੰਜੀਨੀਅਰ ਕਮਰਸ਼ੀਅਲ, ਇੰਜੀ. ਦਵਿੰਦਰਪਾਲ ਗਰਗ ਚੀਫ ਇੰਜੀਨੀਅਰ ਓ. ਐਂਡ ਐੱਮ. ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਇੰਜੀ. ਭੁਵੇਸ਼ ਨੌਹਰੀਆ ਨਿਗਰਾਨ ਇੰਜੀਨੀਅਰ ਟੀ. ਆਰ. 2 ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!
ਯਾਦ ਰਹੇ ਕਿ ਪੰਜਾਬ 'ਚ ਇਸ ਸਮੇਂ ਨਿੱਜੀ ਖੇਤਰ 'ਚ 3 ਥਰਮਲ ਪਲਾਂਟ ਚੱਲ ਰਹੇ ਹਨ, ਜਿਨ੍ਹਾਂ 'ਚ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਪਲਾਂਟ ਸ਼ਾਮਲ ਹਨ। ਰਾਜਪੁਰਾ ਪਲਾਂਟ ਚਲਾ ਰਹੀ ਕੰਪਨੀ ਨਾਭਾ ਪਾਵਰ ਲਿਮਟਿਡ ਨੇ ਜੁਲਾਈ ਮਹੀਨੇ 'ਚ ਪਾਵਰਕਾਮ ਨੂੰ ਇਹ ਪਲਾਂਟ 10 ਹਜ਼ਾਰ ਕਰੋੜ ਰੁਪਏ 'ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜਿਸ 'ਚੋਂ 7 ਹਜ਼ਾਰ ਕਰੋੜ ਰੁਪਏ ਬੈਂਕਾਂ ਦਾ ਕਰਜ਼ਾ ਅਤੇ ਬਾਕੀ ਦਾ ਕੰਪਨੀ ਦੀ ਇਕਵਿਟੀ ਸੀ। ਇਸੇ ਤਰੀਕੇ ਹੁਣ ਗੋਇੰਦਵਾਲ ਸਾਹਿਬ ਪਲਾਂਟ ਚਲਾ ਰਹੀ ਕੰਪਨੀ ਜੀ. ਵੀ. ਕੇ. ਨੇ 4 ਹਜ਼ਾਰ ਕਰੋੜ ਰੁਪਏ 'ਚ ਪਲਾਂਟ ਵੇਚਣ ਦੀ ਪੇਸ਼ਕਸ਼ ਕੀਤੀ ਹੈ, ਜਿਸ 'ਚ 3 ਹਜ਼ਾਰ ਕਰੋੜ ਰੁਪਏ ਦਾ ਬੈਂਕ ਕਰਜ਼ਾ ਅਤੇ 1 ਹਜ਼ਾਰ ਕਰੋੜ ਦੀ ਇਕਵਿਟੀ ਸ਼ਾਮਲ ਹੈ। ਇਹ ਗੱਲ ਸੂਤਰਾਂ ਨੇ ਦੱਸੀ ਹੈ ਅਤੇ ਪੱਖ ਲੈਣ ਲਈ ਸੀ. ਐੱਮ. ਡੀ. ਨੂੰ ਕਈ ਫਾਰ ਫੋਨ ਕਰਨ 'ਤੇ ਵੀ ਉਨ੍ਹਾਂ ਕੋਈ ਹੁੰਗਾਰਾ ਨਹੀਂ ਦਿੱਤਾ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੈਂਬਰ ਨੇ ਪੁਲਸ ਸਾਹਮਣੇ ਕੀਤੇ ਵੱਡੇ ਖੁਲਾਸੇ
ਲੁੱਟਾਂ-ਖੋਹਾਂ ਕਰਨ ਵਾਲੇ ਸ਼ਾਤਰ ਗੈਂਗ ਦਾ ਪਰਦਾਫਾਸ਼, 5 ਲੁਟੇਰੇ ਗ੍ਰਿਫ਼ਤਾਰ
NEXT STORY