ਹੁਸ਼ਿਆਰਪੁਰ (ਅਮਰਿੰਦਰ) - ਜ਼ਿਲੇ 'ਚ ਬੁੱਧਵਾਰ ਤੜਕੇ ਚੱਲੀ ਹਨੇਰੀ ਅਤੇ ਪਏ ਹਲਕੇ ਮੀਂਹ ਨੇ ਕਿਸਾਨਾਂ ਦੀ ਸੋਨੇ ਰੰਗੀ ਫਸਲ ਕਣਕ ਖੇਤਾਂ ਵਿਚ ਵਿਛਾ ਦਿੱਤੀ ਹੈ। ਕਣਕ ਦੀ ਫਸਲ ਵਾਢੀ ਲਈ ਤਿਆਰ ਹੈ ਪਰ ਮੌਸਮ ਦੇ ਬਦਮਿਜ਼ਾਜੀ ਕਾਰਨ ਕਿਸਾਨਾਂ ਦਾ ਕਲੇਜਾ ਮੁੱਠੀ ਵਿਚ ਆ ਗਿਆ ਹੈ। ਫਸਲ ਖੇਤਾਂ ਵਿਚ ਵਿਛ ਜਾਣ ਕਾਰਨ ਜਿਥੇ ਕਿਸਾਨਾਂ ਨੂੰ ਵਾਢੀ ਮੌਕੇ ਪ੍ਰੇਸ਼ਾਨੀ ਆਵੇਗੀ, ਉਥੇ ਹੀ ਕਣਕ ਦਾ ਝਾੜ ਵੀ ਘਟਣ ਦਾ ਖਦਸ਼ਾ ਹੈ। ਕਣਕ ਦੀ ਵਾਢੀ 'ਚ ਹੋਵੇਗੀ ਦੇਰੀ : ਪੰਜਾਬ ਦੇ ਵੱਖ-ਵੱਖ ਭਾਗਾਂ 'ਚ ਪਏ ਬੇਮੌਸਮੀ ਮੀਂਹ ਨਾਲ ਕਿਸਾਨ ਸਹਿਮ ਗਏ ਹਨ। ਕਣਕ ਵੱਢਣ ਲਈ ਤਿਆਰ ਹੈ। ਹੁਣ ਪਏ ਬੇਮੌਸਮੇ ਮੀਂਹ ਨਾਲ ਕਣਕ ਦੀ ਵਾਢੀ ਵਿਚ ਦੇਰੀ ਹੋਣ ਦਾ ਅਨੁਮਾਨ ਹੈ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਪਈ ਠੰਡ ਕਾਰਨ ਕਣਕ ਦੀ ਫ਼ਸਲ ਦੇ ਵਧੀਆ ਝਾੜ ਦੀ ਉਮੀਦ ਸੀ ਪਰ ਬੇਮੌਸਮੀ ਮੀਂਹ ਅਤੇ ਚੱਲੀ ਹਨੇਰੀ ਨੇ ਕਰੀਬ 10 ਤੋਂ 20 ਫੀਸਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਮੀਂਹ ਤੇ ਹਨੇਰੀ ਨੇ ਕਣਕ ਦੀ ਫਸਲ ਖੇਤਾਂ ਵਿਚ ਵਿਛਾ ਦਿੱਤੀ ਹੈ, ਜਿਸ ਕਾਰਨ ਝਾੜ ਘੱਟ ਨਿਕਲਣ ਦਾ ਅਨੁਮਾਨ ਹੈ।
ਨਮੀ ਵਧਣ ਨਾਲ ਕਾਲੇ ਪੈ ਜਾਣਗੇ ਦਾਣੇ: ਜ਼ਿਕਰਯੋਗ ਹੈ ਕਿ ਮੀਂਹ ਕਾਰਨ ਨਮੀ ਵਧਣ 'ਤੇ ਕਣਕ ਦੇ ਦਾਣੇ ਕਾਲੇ ਪੈ ਜਾਣਗੇ, ਜੋ ਮੰਡੀ ਵਿਚ ਵੇਚਣ ਵਿਚ ਕਿਸਾਨਾਂ ਨੂੰ ਮੁਸ਼ਕਲ ਆ ਸਕਦੀ ਹੈ। ਡਾ. ਗਿੱਲ ਨੇ ਕਿਹਾ ਕਿ ਜੇਕਰ ਕਣਕ ਦੀ ਫ਼ਸਲ ਵੱਢੀ ਨਹੀਂ ਹੋਈ ਅਤੇ ਮੀਂਹ ਪੈ ਵੀ ਜਾਂਦਾ ਹੈ ਤਾਂ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਮੀਂਹ ਪੈਣ ਤੋਂ ਬਾਅਦ ਧੁੱਪ ਨਿਕਲਣ 'ਤੇ ਖੇਤਾਂ 'ਚ ਖੜ੍ਹੀ ਫ਼ਸਲ ਦੁਬਾਰਾ ਸੁੱਕ ਜਾਵੇਗੀ।
7 ਡਿਗਰੀ ਡਿੱਗਿਆ ਪਾਰਾ : ਕਰੀਬ 2 ਹਫ਼ਤੇ ਤੋਂ ਜ਼ਿਆਦਾ ਗਰਮੀ ਪੈਣ ਕਾਰਨ ਜਿੱਥੇ ਪਾਰਾ 32 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਾ ਸੀ, ਉਥੇ ਹੀ ਬੁੱਧਵਾਰ ਦੇਰ ਰਾਤ ਪਏ ਮੀਂਹ ਕਾਰਨ ਪਾਰਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਦੇ ਅਧਿਕਾਰੀ ਵੱਲੋਂ ਭਲਕੇ ਵੀ ਧੂੜ ਭਰੀ ਹਵਾਵਾਂ ਚੱਲਣ ਅਤੇ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਪਰ ਆਸਮਾਨ 'ਚ ਸਵੇਰ ਤੋਂ ਬਾਦਲ ਛਾਏ ਰਹਿਣ ਕਾਰਨ ਮੌਸਮ ਸੁਹਾਵਣਾ ਅਤੇ ਠੰਡਾ ਬਣਿਆ ਰਹੇਗਾ।
ਮੰਡੀ 'ਚ ਕਿਸਾਨਾਂ ਨੂੰ ਨਹੀਂ ਆਵੇਗੀ ਪ੍ਰੇਸ਼ਾਨੀ: ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਮੰਡੀ 'ਚ ਕਣਕ ਵਿਸਾਖੀ ਤੋਂ ਬਾਅਦ ਆਉਂਦੀ ਹੈ। ਮੀਂਹ ਪੈਣ 'ਤੇ ਮੰਡੀ 'ਚ ਕਿਸਾਨਾਂ ਲਈ ਨਾ ਸਿਰਫ ਸ਼ੈੱਡਾਂ ਤਿਆਰ ਹਨ, ਸਗੋਂ ਤਰਪਾਲਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੁਸ਼ਿਆਰਪੁਰ ਮੰਡੀ 'ਚ 75 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋਈ ਸੀ, ਜੋ ਇਸ ਵਾਰ ਵਧ ਕੇ 80 ਹਜ਼ਾਰ ਕੁਇੰਟਲ ਹੋਣ ਦੀ ਸੰਭਾਵਨਾ ਹੈ।
ਗੜ੍ਹਸ਼ੰਕਰ, (ਸ਼ੋਰੀ)-ਲੰਘੀ ਰਾਤ ਚੱਲੀ ਤੇਜ਼ ਹਨੇਰੀ ਅਤੇ ਪਏ ਮੀਂਹ ਨੇ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਕਣਕ ਦੀ ਫਸਲ ਖੇਤਾਂ 'ਚ ਵਿਛ ਗਈ ਹੈ ਅਤੇ ਦਾਣਾ ਕਾਲਾ ਹੋਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵਧਾ ਦਿੱਤੀਆਂ ਹਨ ਕਿਉਂਕਿ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਤਕ ਮੰਡੀ ਵਿਚ ਪਹੁੰਚ ਨਹੀਂ ਜਾਂਦੀ ਕਿਸਾਨ ਦਾ ਕਲੇਜਾ ਮੁੱਠੀ ਵਿਚ ਹੀ ਆਇਆ ਰਹਿੰਦਾ ਹੈ ਅਤੇ ਉਹ ਰੱਬ ਅੱਗੇ ਇਹੀ ਅਰਦਾਸਾਂ ਕਰਦਾ ਹੈ ਕਿ ਹੁਣ ਤਾਂ ਸੋਨੇ ਦੀ ਕਣੀ (ਮੀਂਹ) ਵੀ ਨਾ ਪਾਵੀਂ।
ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ
NEXT STORY