1978 ਦਾ ਸਾਲ ਪੰਜਾਬੀ ਦੀ ਰੋਜ਼ਾਨਾ ਪੱਤਰਕਾਰੀ ਲਈ ਬਹੁਤ ਮਹੱਤਵ ਰੱਖਦਾ ਹੈ, ਜਿਸ ਦੌਰਾਨ ਦੋ ਵੱਡੇ ਅਖਬਾਰੀ ਗਰੁੱਪਾਂ ਵਲੋਂ ਦੋ ਪੰਜਾਬੀ ਅਖਬਾਰਾਂ ਦਾ ਪ੍ਰਕਾਸ਼ਨ ਆਰੰਭ ਕੀਤਾ ਗਿਆ। ਹਿੰਦ ਸਮਾਚਾਰ ਪੱਤਰ ਸਮੂਹ ਵਲੋਂ 21 ਜੁਲਾਈ 1978 ਨੂੰ 'ਜਗ ਬਾਣੀ' ਦਾ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ, ਜਦੋਂਕਿ ਟ੍ਰਿਬਿਊਨ ਟਰੱਸਟ ਵਲੋਂ 'ਪੰਜਾਬੀ ਟ੍ਰਿਬਿਊਨ' ਦਾ ਪ੍ਰਕਾਸ਼ਨ 15 ਅਗਸਤ 1978 ਤੋਂ ਕੀਤਾ ਗਿਆ। 'ਜਗ ਬਾਣੀ' ਨੇ ਅੱਜ 40ਵੇਂ ਵਰ੍ਹੇ 'ਚ ਪ੍ਰਵੇਸ਼ ਕਰ ਲਿਆ ਹੈ, ਜਦੋਂਕਿ ਕੁਝ ਲੋਕਾਂ ਦੀਆਂ ਇਹ ਕਿਆਸ-ਅਰਾਈਆਂ ਸਨ ਕਿ 'ਜਗ ਬਾਣੀ' ਬਹੁਤੀ ਦੇਰ ਨਹੀਂ ਟਿਕ ਸਕਦਾ। ਪੰਜਾਬੀ ਪੱਤਰਕਾਰੀ 'ਚ ਜਦੋਂ ਅਸੀਂ ਰੋਜ਼ਾਨਾ ਅਖਬਾਰਾਂ ਦੀ ਗੱਲ ਕਰਦੇ ਹਾਂ ਤਾਂ ਜਗ ਬਾਣੀ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਚੱਲ ਰਹੀਆਂ ਰੋਜ਼ਾਨਾ ਅਖਬਾਰਾਂ 'ਚ ਕੁਝ ਤਾਂ ਇਕ ਫਿਰਕੇ ਨਾਲ ਜੁੜੀਆਂ ਸਨ ਅਤੇ ਕੁਝ ਕਮਿਊਨਿਸਟ ਪਾਰਟੀਆਂ ਨਾਲ। ਪੰਜਾਬੀ ਵਿਚ ਇਕ ਅਜਿਹੀ ਅਖਬਾਰ ਦੀ ਲੋੜ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਸੀ, ਜੋ ਸੈਕੁਲਰ ਸੋਚ ਰੱਖਦੀ ਹੋਵੇ ਅਤੇ ਪੰਜਾਬੀ ਸਮਾਜ ਦੀ ਹਰ ਧਿਰ ਦੀ ਤਰਜਮਾਨੀ ਕਰਦੀ ਹੋਵੇ। ਇਸ ਗੱਲ ਦਾ ਵਰਣਨ ਹਿੰਦ ਸਮਾਚਾਰ ਗਰੁੱਪ ਦੇ ਉਦੋਂ ਦੇ ਮੁੱਖ ਸੰਪਾਦਕ ਲਾਲਾ ਜਗਤ ਨਾਰਾਇਣ ਜੀ ਨੇ 21 ਜੁਲਾਈ 1978 ਦੇ ਜਗ ਬਾਣੀ ਦੇ ਪਹਿਲੇ ਅੰਕ ਵਿਚ ਕਰਦਿਆਂ ਲਿਖਿਆ ਹੈ ਕਿ ਐਮਰਜੈਂਸੀ ਦੌਰਾਨ 1975 'ਚ ਜੇਲ ਵਿਚ ਬੰਦ ਵਿਰੋਧੀ ਪਾਰਟੀਆਂ ਦੇ ਲੀਡਰਾਂ ਨਾਲ ਲਾਲਾ ਜਗਤ ਨਾਰਾਇਣ ਜੀ ਦੀ ਹੋਈ ਚਰਚਾ 'ਚ ਇਹ ਰਾਏ ਬਣੀ ਕਿ ਪੰਜਾਬੀ ਵਿਚ ਇਕ ਅਜਿਹੀ ਰੋਜ਼ਾਨਾ ਅਖਬਾਰ ਦੀ ਲੋੜ ਹੈ, ਜੋ ਹਰ ਧਰਮ ਦੀ ਵਲਗਣ ਤੋਂ ਉੱਪਰ ਉੱਠ ਕੇ ਸੈਕੁਲਰ ਗੱਲ ਕਰੇ।
'ਜਗ ਬਾਣੀ' ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇਸ ਨੂੰ ਵੱਡੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਫਿਰ ਪੰਜਾਬ 'ਚ ਅੱਤਵਾਦ ਦੀ ਕਾਲੀ ਹਨੇਰੀ ਚੱਲ ਪਈ। ਇਸ ਹਨੇਰੀ 'ਚ ਜਗ ਬਾਣੀ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਪਰ ਇਹ ਅਖਬਾਰ ਬੰਦੂਕ ਦੀ ਗੋਲੀ ਦਾ ਜੁਆਬ ਕਲਮ ਨਾਲ ਦਿੰਦੀ ਰਹੀ। ਫਿਰ ਇਸ ਸਮੂਹ ਦੇ ਦੋ ਮੁੱਖ ਸੰਪਾਦਕਾਂ ਲਾਲਾ ਜਗਤ ਨਾਰਾਇਣ ਅਤੇ ਸ਼੍ਰੀ ਰਮੇਸ਼ ਅੱਤਵਾਦ ਦਾ ਸ਼ਿਕਾਰ ਬਣਾ ਦਿੱਤੇ। ਜਗ ਬਾਣੀ ਦੇ ਬੰਤ ਸਿੰਘ ਅਤੇ ਹਿੰਦ ਸਮਾਚਾਰ ਦੇ ਸ਼੍ਰੀ ਇੰਦਰਜੀਤ ਸੂਦ ਸਮੇਤ ਅਖਬਾਰ ਨਾਲ ਜੁੜੇ ਰਿਪੋਰਟਰ ਅਤੇ ਹਾਕਰ ਮਾਰੇ ਗਏ। ਜਗ ਬਾਣੀ ਅਡੋਲ ਖੜੋਤੀ ਰਹੀ।
'ਜਗ ਬਾਣੀ' ਨੇ ਆਪਣੇ ਤੋਂ ਪਹਿਲਾਂ ਚੱਲ ਰਹੀਆਂ ਪੰਜਾਬੀ ਅਖਬਾਰਾਂ ਨਾਲੋਂ ਆਪਣੀ ਸੋਚ ਨੂੰ ਵਧੇਰੇ ਸੈਕੁਲਰ ਰੱਖਿਆ। ਜਗ ਬਾਣੀ ਪੰਜਾਬੀ 'ਚ ਪ੍ਰਕਾਸ਼ਿਤ ਹੋਣ ਵਾਲਾ ਅਜਿਹਾ ਪੰਜਾਬੀ ਅਖਬਾਰ ਹੈ, ਜਿਸ ਨੇ ਆਪਣੇ ਪਾਠਕਾਂ ਨੂੰ ਸਿੱਖ ਧਰਮ ਦੇ ਨਾਲ-ਨਾਲ ਬਾਕੀ ਸਾਰੇ ਧਰਮਾਂ ਦੀ ਜਾਣਕਾਰੀ ਦਿੱਤੀ। ਵੱਡੇ-ਵੱਡੇ ਲੇਖਕ ਅਖਬਾਰ ਨਾਲ ਜੁੜ ਗਏ ਅਤੇ ਇਸ ਦੀ ਅਜਿਹੀ ਦਿੱਖ ਬਣੀ ਕਿ ਜਗ ਬਾਣੀ ਸਭਨਾਂ ਦਾ ਸਾਂਝਾ ਅਖਬਾਰ ਹੈ। ਜਗ ਬਾਣੀ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਕੋਈ ਚੰਗਾ ਲੇਖਕ, ਰੋਜ਼ਾਨਾ ਅਖਬਾਰ 'ਚ ਨਹੀਂ ਸੀ ਛਪਦਾ ਹੁੰਦਾ। ਉਨ੍ਹਾਂ ਦਾ ਕਹਿਣਾ ਸੀ ਕਿ ਰੋਜ਼ਾਨਾ ਅਖਬਾਰਾਂ 'ਚ ਛਪਣ ਵਾਲਾ ਸਾਹਿਤ ਦੂਜੇ ਦਰਜੇ ਦਾ ਹੁੰਦਾ ਹੈ ਪਰ 'ਜਗ ਬਾਣੀ' ਨਾਲ ਜੁੜਨਾ ਹਰ ਵੱਡੇ ਤੋਂ ਵੱਡੇ ਲੇਖਕ ਨੇ ਮਾਣ ਮਹਿਸੂਸ ਕੀਤਾ। ਜਗ ਬਾਣੀ ਨੇ ਆਪਣੀ ਸੋਚ ਨੂੰ ਸੈਕੁਲਰ ਰੱਖਿਆ। ਉਸ ਨੇ ਸਮਾਜ ਦੇ ਹਰ ਫਿਰਕੇ, ਹਰ ਭਾਈਚਾਰੇ ਨੂੰ ਆਪਣੇ ਨਾਲ ਜੋੜਿਆ। ਜਗ ਬਾਣੀ ਦੀ ਪ੍ਰਕਾਸ਼ਨਾ ਸ਼ੁਰੂ ਹੋਣ ਨਾਲ ਪਹਿਲਾਂ ਛਪ ਰਹੀਆਂ ਅਖਬਾਰਾਂ ਵਿਚ ਵੀ ਤਬਦੀਲੀ ਆਉਣ ਲੱਗੀ। ਜਗ ਬਾਣੀ ਨੇ ਹੱਥ ਦੀ ਕੰਪੋਜ਼ਿੰਗ ਨੂੰ ਛੱਡ ਕੇ ਟੈਕਨੋਕੰਪੋਜ਼ਿੰਗ 'ਚ ਅਖਬਾਰ ਛਾਪਣੀ ਸ਼ੁਰੂ ਕੀਤੀ। ਫਿਰ ਸਭ ਤੋਂ ਪਹਿਲਾਂ ਕੰਪਿਊਟਰ ਕੰਪੋਜ਼ਿੰਗ ਆਰੰਭ ਕਰਵਾਈ, ਸਭ ਤੋਂ ਪਹਿਲਾਂ ਰੰਗਦਾਰ ਟਾਈਟਲ ਪ੍ਰਕਾਸ਼ਿਤ ਕਰਨ ਵਾਲੀ ਅਖਬਾਰ ਬਣੀ, ਫਿਰ ਅਖਬਾਰ ਦੇ ਪੂਰੇ ਦੇ ਪੂਰੇ ਪੰਨੇ ਰੰਗਦਾਰ ਕਰਨ 'ਚ ਵੀ ਜਗ ਬਾਣੀ ਦੀ ਪਹਿਲ ਰਹੀ। ਬਾਕੀ ਦੀਆਂ ਅਖਬਾਰਾਂ ਨੇ ਜਗ ਬਾਣੀ ਨੂੰ ਫਾਲੋ ਕੀਤਾ। ਵੈੱਬ ਪੋਰਟਲ ਸ਼ੁਰੂ ਕਰਨ ਵਾਲੀ ਸਭ ਤੋਂ ਪਹਿਲੀ ਪੰਜਾਬੀ ਅਖਬਾਰ ਜਗ ਬਾਣੀ ਹੀ ਬਣੀ, ਜਿਸ ਨਾਲ ਅੱਜ ਦੁਨੀਆ ਭਰ ਦੇ ਪੰਜਾਬੀ ਜੁੜ ਚੁੱਕੇ ਹਨ।
'ਜਗ ਬਾਣੀ' ਦੇ ਹਿੱਸੇ ਹੀ ਇਹ ਗੱਲ ਆਈ ਕਿ ਉਸ ਨੇ ਨੌਜਵਾਨਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਨਾਲ ਜੋੜਨ ਲਈ ਅਖਬਾਰ ਦੇ ਵੱਖੋ-ਵੱਖ ਸਪਲੀਮੈਂਟ ਦੀ ਪ੍ਰਕਾਸ਼ਨਾ ਆਰੰਭ ਕੀਤੀ। ਮੈਗਜ਼ੀਨ ਸੈਕਸ਼ਨ ਮੁੱਖ ਪੰਨੇ 'ਤੇ ਛਪਦਾ ਤੇ ਖਬਰਾਂ ਤਿੰਨ ਨੰਬਰ ਪੇਜ 'ਤੇ ਹੁੰਦੀਆਂ। ਜਗ ਬਾਣੀ ਦੇ ਇਸ ਪੈਟਰਨ ਨੂੰ ਵੀ ਬਾਕੀ ਅਖਬਾਰਾਂ ਨੇ ਅਪਣਾਇਆ ਜਾਂ ਉਨ੍ਹਾਂ ਨੂੰ ਅਪਨਾਉਣਾ ਪਿਆ। ਅੱਜ 40ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਦਿਆਂ ਜਗ ਬਾਣੀ ਇਹ ਫਖਰ ਮਹਿਸੂਸ ਕਰਦੀ ਹੈ ਕਿ ਉਸ ਨੇ ਆਪਣੇ ਨਾਲ ਲੇਖਕਾਂ, ਪਾਠਕਾਂ, ਕਲਾਕਾਰਾਂ, ਸੰਗੀਤਕਾਰਾਂ, ਸਮਾਜ ਸੇਵੀਆਂ ਨੂੰ ਜੋੜਿਆ ਹੋਇਆ ਹੈ। ਜਗ ਬਾਣੀ ਨੇ ਦੇਸ਼ 'ਤੇ ਬਣੀ ਕੁਦਰਤੀ, ਗੈਰ-ਕੁਦਰਤੀ ਕਰੋਪੀ ਦੇ ਪੀੜਤਾਂ ਨੂੰ ਸਹਾਇਤਾ ਦੇਣ ਦਾ ਸਿਲਸਿਲਾ ਵੀ ਜਾਰੀ ਰੱਖਿਆ ਹੋਇਆ ਹੈ। 'ਜਗ ਬਾਣੀ' ਅੱਜ ਰੋਜ਼ਾਨਾ ਪੰਜਾਬੀ ਅਖਬਾਰਾਂ ਵਿਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਅਖਬਾਰ ਹੈ।
ਹਿਮਾਚਲ ਰੋਡਵੇਜ਼ ਬੱਸ ਦੀ ਲਪੇਟ ’ਚ ਆਇਆ ਐਕਟਿਵਾ ਸਵਾਰ
NEXT STORY