ਚੰਡੀਗੜ੍ਹ : ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਦੇ ਤਹਿਤ ਸਰਕਾਰੀ ਸਕੂਲਾਂ ’ਚ ਮਿੱਡ-ਡੇਅ ਮੀਲ ਲਈ ਵਰਤੇ ਜਾਂਦੇ ਐਲੂਮੀਨੀਅਮ ਦੇ ਭਾਂਡੇ ਹਟਾ ਦਿੱਤੇ ਜਾਣਗੇ। ਇਸ ਦੀ ਜਗ੍ਹਾ ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤੋਂ ਵਿਚ ਲਿਆਂਦੇ ਜਾਣਗੇ। ਮਿੱਡ-ਡੇਅ ਮੀਲ ਸੁਸਾਇਟੀ ਨੇ ਪੰਜਾਬ ਯੂਨੀਵਰਸਿਟੀ ਤੋਂ ਇਸ ਸਕੀਮ ਦਾ ਸੋਸ਼ਲ ਆਡਿਟ ਕਰਾਇਆ ਹੈ ਜਿਸ ਦੀ ਸਿਫਾਰਸ਼ ’ਤੇ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨਾਲ ਸਿੱਖਿਆ ਵਿਭਾਗ ਪੰਜਾਬ ਦੀ ਮੀਟਿੰਗ ਨਵੀਂ ਦਿੱਲੀ ’ਚ 23 ਫਰਵਰੀ ਨੂੰ ਤੈਅ ਹੋਈ ਹੈ ਜਿਸ ਵਿਚ ਮਿੱਡ-ਡੇਅ ਮੀਲ ’ਚ ਸੁਧਾਰ ਅਤੇ ਬਦਲਾਅ ਲਈ ਕੇਂਦਰੀ ਫੰਡਾਂ ਦੀ ਮੰਗ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ
ਸੋਸ਼ਲ ਆਡਿਟ ਦੀ ਰਿਪੋਰਟ ’ਚ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਵਿਚ ਮਿੱਡ-ਡੇਅ ਮੀਲ ਜਿਹੜੇ ਐਲੂਮੀਨੀਅਮ ਦੇ ਭਾਂਡਿਆਂ ਵਿਚ ਤਿਆਰ ਕੀਤਾ ਜਾਂਦਾ ਹੈ, ਉਨ੍ਹਾਂ ਦੀ ਥਾਂ ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤੇ ਜਾਣ। ਸੂਤਰ ਦੱਸਦੇ ਹਨ ਕਿ ਕੇਂਦਰੀ ਸਨਅਤ ਮੰਤਰਾਲੇ ਨੇ ਵੀ ਮਨੁੱਖੀ ਸਿਹਤ ਦੇ ਨਜ਼ਰੀਏ ਤੋਂ ਐਲੂਮੀਨੀਅਮ ਦੇ ਭਾਂਡਿਆਂ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਮਿੱਡ-ਡੇ ਮੀਲ ਤਹਿਤ ਐਲੂਮੀਨੀਅਮ ਦੇ ਭਾਂਡੇ ਖਰੀਦਣ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਸਕੂਲ ਖਰਚ ਹੋਏ ਸਨ। ਹੁਣ ਸਟੀਲ ਅਤੇ ਪਿੱਤਲ ਦੇ ਭਾਂਡਿਆਂ ਲਈ 10 ਹਜ਼ਾਰ ਰੁਪਏ ਪ੍ਰਤੀ ਸਕੂਲ ਗਰਾਂਟ ਦੀ ਤਜਵੀਜ਼ ਹੈ। ਪੰਜਾਬ ਸਰਕਾਰ ਨੇ ਖਾਣਾ ਬਣਾਉਣ ਵਾਲੇ ਭਾਂਡੇ ਤਬਦੀਲ ਕਰਨ ਲਈ 175 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਇਹ ਪ੍ਰਾਜੈਕਟ ਸਮੁੱਚੀ 467 ਕਰੋੜ ਦੀ ਯੋਜਨਾ ਤੋਂ ਵੱਖਰਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 24 ਫਰਵਰੀ ਨੂੰ ਸੂਬੇ ਭਰ ਵਿਚ ਛੁੱਟੀ ਦਾ ਐਲਾਨ
ਸੋਸ਼ਲ ਆਡਿਟ ’ਚ ਪਾਇਆ ਗਿਆ ਕਿ ਸਕੂਲਾਂ ਵਿਚ ਬਣੀਆਂ ਰਸੋਈਆਂ ਵਿਚ ਚਿਮਨੀਆਂ ਨਹੀਂ ਹਨ ਜਿਸ ਕਰਕੇ ਚਿਮਨੀਆਂ ਜਾਂ ਐਗਜ਼ਾਸਟ ਫੈਨ ਲਗਾਏ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਲਈ ਪ੍ਰਤੀ ਸਕੂਲ 1500 ਰੁਪਏ ਦਾ ਬਜਟ ਵਿਉਂਤਿਆ ਗਿਆ ਹੈ। ਰਿਪੋਰਟ ਅਨੁਸਾਰ ਸਕੂਲਾਂ ਵਿਚ ਬੱਚੇ ਹੱਥ ਨਹੀਂ ਧੌਂਦੇ ਹਨ ਜਿਸ ਵਿਚ ਸੁਧਾਰ ਲਈ ਇੱਕ ਗੈਰ-ਸਰਕਾਰੀ ਸੰਸਥਾ ਦਾ ਸਹਿਯੋਗ ਲਿਆ ਜਾ ਰਿਹਾ ਹੈ। ਪੰਜਾਬ ਵਿਚ ਆਏ ਹੜ੍ਹਾਂ ਕਾਰਨ ਕਈ ਸਕੂਲਾਂ ਵਿਚ ਸ਼ੈੱਡ ਵੀ ਨੁਕਸਾਨੇ ਗਏ ਸਨ ਜਿਨ੍ਹਾਂ ਦੀ ਮੁਰੰਮਤ ਲਈ ਵੀ ਬਜਟ ਮੰਗਿਆ ਗਿਆ ਹੈ। ਰਿਪੋਰਟ ਅਨੁਸਾਰ ਮਿੱਡ-ਡੇ ਮੀਲ ਵਿਚ ਹੋਰ ਮੌਸਮੀ ਸਬਜ਼ੀਆਂ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਸਕੂਲਾਂ ਵਿਚ ਚੌਲ ਅਧਾਰਿਤ ਮੀਨੂ ਬਣਾਉਣ ਦੀ ਸਿਫਾਰਸ਼ ਹੈ ਜਿਨ੍ਹਾਂ ਸਕੂਲਾਂ ਵਿਚ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪਰਵਾਸੀਆਂ ਦੇ ਬੱਚੇ ਪੜ੍ਹਦੇ ਹਨ। ਸਕੂਲ ਦੇ ਖੁਰਾਕ ਮੀਨੂ ਵਿਚ ਦੁੱਧ, ਦਹੀਂ, ਪਨੀਰ, ਫਲ ਅਤੇ ਸਲਾਦ ਸ਼ਾਮਿਲ ਕੀਤੇ ਜਾਣ ਬਾਰੇ ਵੀ ਕਿਹਾ ਗਿਆ ਹੈ। ਸਕੂਲਾਂ ਵਿਚ ਫਿਲਟਰਾਂ ਦੀ ਮੁਰੰਮਤ ਵਾਸਤੇ ਗਰਾਂਟ ਤੇ ਅੱਗ ਬੁਝਾਊ ਯੰਤਰ ਲਗਾਏ ਜਾਣ ਦੀ ਵੀ ਸਿਫਾਰਸ਼ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਪ੍ਰੀਖਿਆਵਾਂ ਦਾ ਐਲਾਨ, ਡੇਟਸ਼ੀਟ ਜਾਰੀ
ਸਕੂਲਾਂ ਨੂੰ ਅਗਾਊਂ ਅਨਾਜ ਅਤੇ ਕੁਕਿੰਗ ਖਰਚਾ ਦੇਣ ਦੀ ਗੱਲ ਵੀ ਕੀਤੀ ਗਈ ਹੈ। ਸਕੂਲਾਂ ਵਿਚ ਜੋ ਕੁੱਕ ਜਾਂ ਹੈਲਪਰ ਹਨ, ਉਨ੍ਹਾਂ ਦਾ ਘੱਟੋ-ਘੱਟ ਮਿਹਨਤਾਨਾ ਸਰਕਾਰੀ ਨਿਯਮਾਂ ਅਨੁਸਾਰ ਵਧਾਉਣ ਅਤੇ ਉਨ੍ਹਾਂ ਨੂੰ ਵਰਦੀ ਤੋਂ ਇਲਾਵਾ ਦਸਤਾਨੇ ਵਗੈਰਾ ਵੀ ਦਿੱਤੇ ਜਾਣ ਲਈ ਕਿਹਾ ਗਿਆ ਹੈ। ਸਕੂਲ ਅਧਿਆਪਕ ਤੇ ਮਾਪਿਆਂ ਨੂੰ ਰੈਗੂਲਰ ਤੌਰ ’ਤੇ ਦੁਪਹਿਰ ਦੇ ਖਾਣੇ ਨੂੰ ਚੱਖ ਕੇ ਦੇਖਣ ਲਈ ਕਿਹਾ ਗਿਆ ਹੈ ਤਾਂ ਜੋ ਗੁਣਵੱਤਾ ਬਰਕਰਾਰ ਰਹਿ ਸਕੇ। ਚੇਤੇ ਰਹੇ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਮਿੱਡ-ਡੇਅ ਮੀਲ ਵਿਚ ਮੌਸਮੀ ਫਲ ਹਰ ਸੋਮਵਾਰ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ’ਤੇ ਕਰੀਬ 53 ਕਰੋੜ ਰੁਪਏ ਸਾਲਾਨਾ ਦੀ ਲਾਗਤ ਆਵੇਗੀ। ਪੰਜਾਬ ਵਿਚ 19,120 ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ 18.35 ਲੱਖ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਸਕੂਲਾਂ ਵਿਚ ਇਸ ਵੇਲੇ 19.75 ਲੱਖ ਵਿਦਿਆਰਥੀ ਪੜ੍ਹ ਰਹੇ ਹਨ।
ਇਹ ਵੀ ਪੜ੍ਹੋ : ਵਜ਼ੀਰਾਂ ਨੂੰ ਚੋਣ ਲੜਾਉਣ ਦੇ ਮੂਡ ’ਚ ‘ਆਪ’ , ਮੰਤਰੀਆਂ ਦੀ ਨਾਂਹ-ਨੁੱਕਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
NEXT STORY