ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਮਾਲ ਗੱਡੀ ਪਟੜੀ ਤੋਂ ਉਤਰ ਗਈ। ਹਾਲਾਂਕਿ ਵੱਡਾ ਹਾਦਸਾ ਨਹੀਂ ਹੋਇਆ, ਪਰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸੂਚਨਾ ਮਿਲਦਿਆਂ ਹੀ ਅੰਬਾਲਾ ਮੰਡਲ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਟਰੈਕ ਨੂੰ ਖ਼ਾਲੀ ਕਰਵਾ ਕੇ ਆਵਾਜਾਈ ਸ਼ੁਰੂ ਕਰਵਾਈ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਵਿਨੋਦ ਭਾਟਿਆ ਨੇ ਜਾਂਚ ਦੇ ਹੁਕਮ ਦਿੰਦਿਆਂ ਜਲਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਹਾਦਸੇ ਕਾਰਨ ਚੰਡੀਗੜ੍ਹ ਤੋਂ ਪ੍ਰਯਾਗਰਾਜ ਤੇ ਲਖਨਊ ਜਾਣ ਵਾਲੀਆਂ ਦੋਵੇਂ ਗੱਡੀਆਂ ਤੈਅ ਸਮੇਂ ਤੋਂ ਲਗਭਗ 2 ਘੰਟੇ ਦੇਰੀ ਨਾਲ ਚੱਲੀਆਂ।
ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਪਲੇਟਫਾਰਮ ਨੰਬਰ-6 ਨੇੜੇ ਮਾਲ ਗੱਡੀ ਇੰਜਣ ਦੇ 2 ਪਹੀਏ ਪਟੜੀ ਤੋਂ ਉਤਰ ਗਏ। ਮੁੱਢਲੀ ਜਾਂਚ ਵਿਚ ਤਕਨੀਕੀ ਖ਼ਰਾਬੀ ਲੱਗ ਰਹੀ ਹੈ ਤੇ ਲੋਕੋ ਡਰਾਈਵਰ ਦੀ ਹਾਲਤ ਵੀ ਸਥਿਰ ਹੈ। ਉਸ ਨੂੰ ਪ੍ਰਕਿਰਿਆ ਅਨੁਸਾਰ ਸਾਰੇ ਟੈਸਟ ਕਰਵਾਉਣੇ ਪੈਣਗੇ। ਪਟੜੀਆਂ ਨੂੰ ਵੱਡਾ ਨੁਕਸਾਨ ਨਹੀਂ ਹੋਇਆ ਹੈ ਅਤੇ ਮੁਰੰਮਤ ਕਰ ਦਿੱਤੀ ਗਈ ਹੈ। ਲਗਭਗ 45 ਮਿੰਟ ਦੇ ਬਚਾਅ ਕਾਰਜ ਦੇ ਅੰਦਰ ਟਰੈਕ ਨੂੰ ਚਲਾਉਣ ਯੋਗ ਬਣਾ ਦਿੱਤਾ ਹੈ।
ਇੰਜਣ ਦੇ ਪਟੜੀ ਤੋਂ ਉਤਰਨ ਕਾਰਨ ਊਂਚਾਹਾਰ ਐਕਸਪ੍ਰੈੱਸ (14218) ਦੀ ਰਵਾਨਗੀ ’ਚ ਦੇਰੀ ਹੋਈ, ਜੋ ਕਿ ਚੰਡੀਗੜ੍ਹ ਤੋਂ ਤੈਅ ਸਮੇਂ ਸ਼ਾਮ 4:45 ਵਜੇ ਦੀ ਬਜਾਏ 2 ਘੰਟੇ ਦੇਰੀ ਨਾਲ ਸ਼ਾਮ 6:45 ਵਜੇ ਰਵਾਨਾ ਹੋਈ। ਗੱਡੀ ਨੰਬਰ 15012 ਚੰਡੀਗੜ੍ਹ ਵੀ ਤੈਅ ਸਮੇਂ ਤੋਂ 1 ਘੰਟਾ 30 ਮਿੰਟ ਦੇਰੀ ਨਾਲ ਰਵਾਨਾ ਹੋਈ।
ਬਦਲ ਗਿਆ ਹਸਪਤਾਲਾਂ ਦਾ ਸਮਾਂ, ਭਲਕੇ ਤੋਂ ਇਸ ਸਮੇਂ ਮਿਲਣਗੇ ਡਾਕਟਰ
NEXT STORY