ਅਬੋਹਰ(ਰਹੇਜਾ)-ਇਥੋਂ ਦੇ ਸਰਕਾਰੀ ਹਸਪਤਾਲ ਵਿਚ ਐਂਟੀ ਰੈਬੀਜ਼ ਦੇ ਟੀਕੇ ਖਤਮ ਹੋਣ ਨਾਲ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ 'ਚ ਮਹਿੰਗੇ ਭਾਅ 'ਤੇ ਟੀਕੇ ਲਵਾਉਣੇ ਪੈ ਰਹੇ ਹਨ। ਜਾਣਕਾਰੀ ਮੁਤਾਬਕ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਐਂਟੀ ਰੈਬੀਜ਼ ਦੇ ਟੀਕੇ ਖਤਮ ਹੋ ਚੁੱਕੇ ਹਨ। ਅਬੋਹਰ ਉਪਮੰਡਲ ਵਿਚ ਨਿੱਤ 4-5 ਲੋਕ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਹ ਇਨ੍ਹਾਂ ਦਿਨਾਂ 'ਚ ਨਿੱਜੀ ਹਸਪਤਾਲਾਂ 'ਚ ਮਹਿੰਗੇ ਭਾਅ ਦੇ ਟੀਕਾ ਲਵਾ ਰਹੇ ਹਨ। ਸਰਕਾਰੀ ਹਸਪਤਾਲ 'ਚ ਟੀਕੇ ਦਾ ਸਟਾਕ ਪਿਛਲੇ 25 ਦਿਨਾਂ ਤੋਂ ਉਪਲੱਬਧ ਨਹੀਂ ਹੈ। ਇਸ ਸਬੰਧੀ ਐੱਸ. ਐੱਮ. ਓ. ਅਤੇ ਸਿਵਲ ਸਰਜਨ ਵੱਲੋਂ ਕਈ ਵਾਰ ਸਰਕਾਰ ਅਤੇ ਸਿਹਤ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ ਪਰ ਹੁਣ ਤੱਕ ਟੀਕੇ ਹਸਪਤਾਲ ਨਹੀਂ ਪੁੱਜੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸਰ ਕੁੱਤੇ ਲੋਕਾਂ ਨੂੰ ਵੱਡ ਲੈਂਦੇ ਹਨ ਅਤੇ ਉਸ ਤੋਂ ਬਾਅਦ ਐਂਟੀ ਰੈਬੀਜ਼ ਟੀਕਾ ਲਵਾਉਣਾ ਲਾਜ਼ਮੀ ਹੋ ਜਾਂਦਾ ਹੈ ਪਰ ਜਦ ਹਸਪਤਾਲ ਵਿਚ ਮਰੀਜ਼ ਪੁੱਜਦੇ ਹਨ ਤਾਂ ਉਥੇ ਸਟਾਕ ਖਤਮ ਹੋਣ ਦਾ ਜਵਾਬ ਮਿਲਦਾ ਹੈ। ਉਂਝ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਵਿਚ ਐਂਟੀ ਰੈਬੀਜ਼ ਟੀਕੇ ਸਿਰਫ 50 ਰੁਪਏ 'ਚ 5 ਟੀਕੇ ਲਾਏ ਜਾਂਦੇ ਹਨ ਪਰ ਟੀਕੇ ਨਾ ਹੋਣ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿਚ 350 ਤੋਂ ਲੈ ਕੇ 400 ਰੁਪਏ 'ਚ ਟੀਕਾ ਲਵਾਉਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਿੱਜੀ ਹਸਪਤਾਲਾਂ 'ਚ ਮਿਲਣ ਵਾਲੇ ਟੀਕੇ ਨੂੰ ਠੀਕ ਤਾਪਮਾਨ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਗੁਣਵੱਤਾ ਵਿਚ ਵੀ ਘਾਟ ਆ ਜਾਂਦੀ ਹੈ। ਜੇਕਰ ਸਰਕਾਰੀ ਹਸਪਤਾਲ ਵਿਚ ਦਵਾਈ ਨਹੀਂ ਹੈ ਤਾਂ ਮਜਬੂਰ ਹੋ ਕੇ ਨਿੱਜੀ ਹਸਪਤਾਲਾਂ 'ਚ ਟੀਕਾ ਲਵਾਉਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਖੇਤਰ 'ਚ ਕੁੱਤਿਆਂ ਦੇ ਵੱਡਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕੁੱਤੇ ਦੇ ਵੱਡਣ ਦੇ ਜੇਕਰ ਕੁਝ ਦਿਨਾਂ ਦੇ ਅੰਦਰ ਕੁੱਤਾ ਮਰ ਜਾਵੇ ਤਾਂ ਜਿਸ ਨੂੰ ਉਸ ਨੇ ਵੱਡਿਆ ਹੁੰਦਾ ਹੈ, ਉਸ ਨੂੰ ਪੰਜ ਟੀਕੇ ਲਵਾਉਣੇ ਪੈਂਦੇ ਹਨ ਅਤੇ ਜੇਕਰ ਵੱਡਣ ਵਾਲਾ ਕੁੱਤਾ ਜਿਊਂਦਾ ਵੀ ਰਹੇ ਤਾਂ ਵੀ ਤਿੰਨ ਟੀਕੇ ਲਵਾਉਣੇ ਹੀ ਪੈਂਦੇ ਹਨ। ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ। ਨਗਰ ਕੌਂਸਲ ਇਨ੍ਹਾਂ ਨੂੰ ਫੜਨ ਦੀ ਕੋਈ ਯੋਜਨਾ ਨਹੀਂ ਬਣਾ ਰਿਹਾ। ਗਰੀਬ ਪਰਿਵਾਰ ਦੇ ਕਿਸੇ ਵਿਅਕਤੀ 'ਤੇ ਜੇਕਰ ਕੁੱਤੇ ਦਾ ਹਮਲਾ ਹੁੰਦਾ ਹੈ ਤਾਂ ਉਸ ਨੂੰ ਟੀਕੇ ਦੀ ਇਹ ਘਾਟ ਭਾਰੀ ਪੈਂਦੀ ਹੈ। ਹਸਪਤਾਲ ਵਿਚ ਟੀਕੇ ਖਤਮ ਹੋਣ ਦੀ ਗੱਲ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਸਿਵਲ ਸਰਜਨ ਸੁਰਿੰਦਰ ਕੁਮਾਰ ਨੇ ਮੁੜ ਤੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਅਬੋਹਰ ਦੀ ਹਾਲਤ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਸਾਰੇ ਡਾਕਟਰਾਂ ਨਾਲ ਮੀਟਿੰਗ ਕਰ ਕੇ ਟੀਕੇ ਕਿਸ ਤਰ੍ਹਾਂ ਅਤੇ ਕਿਵੇਂ ਲਾਉਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਬੋਹਰ ਖੇਤਰ ਵਿਚ ਕੁੱਤਿਆਂ ਦੇ ਵੱਡਣ ਵਾਲੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਜਿਸ ਨੂੰ ਵੇਖਦੇ ਹੋਏ ਇਥੇ ਐਂਟੀ ਰੈਬੀਜ਼ ਟੀਕੇ ਦੀ ਖਪਤ ਵੀ ਜ਼ਿਆਦਾ ਹੈ। ਇਥੇ ਡਾਕਟਰ ਸਾਹਿਬ ਰਾਮ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਪੰਜ ਟੀਕੇ ਲੱਗਣ ਲਾਜ਼ਮੀ ਨਹੀਂ ਹੈ। ਇਹ ਡਿਪੈਂਡ ਕਰਦਾ ਹੈ ਕਿ ਕੁੱਤੇ ਦੇ ਵੱਡਣ ਨਾਲ ਵਿਅਕਤੀ ਨੂੰ ਕਿੰਨਾ ਨੁਕਸਾਨ ਹੋਇਆ ਹੈ, ਜੇਕਰ ਉਸ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ ਤਾਂ 5 ਟੀਕੇ ਲਗਣੇ ਜ਼ਰੂਰੀ ਹੁੰਦੇ ਹਨ। ਜੇਕਰ ਨੁਕਸਾਨ ਦਾ ਖ਼ਤਰਾ ਘੱਟ ਹੈ ਤਾਂ ਉਸ ਨੂੰ ਤਿੰਨ ਟੀਕੇ ਲਾ ਕੇ ਹੀ ਆਰਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਡਾ. ਯੁਧਿਸ਼ਟਰ ਅਤੇ ਡਾ. ਸੁਰੇਸ਼ ਚੌਧਰੀ ਦੀ ਡਿਊਟੀ ਲਾਈ ਕਿ ਉਹ ਮਰੀਜ਼ ਦੀ ਹਾਲਤ ਨੂੰ ਵੇਖਕੇ ਕਿੰਨੇ ਟੀਕੇ ਲੱਗਣੇ ਹੈ, ਮਰੀਜ਼ ਨੂੰ ਪਰਚੀ ਉੱਤੇ ਲਿਖ ਕੇ ਦੇਣ।
ਬੱਸ 'ਚੋਂ ਧੱਕੇ ਨਾਲ ਉਤਾਰ ਕੇ ਨੌਜਵਾਨ 'ਤੇ ਜਾਨਲੇਵਾ ਹਮਲਾ
NEXT STORY