ਮੋਰਿੰਡਾ, (ਅਰਨੌਲੀ)- ਸਰਕਾਰੀ ਹਸਪਤਾਲ ਮੋਰਿੰਡਾ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਖੁਦ ਬੀਮਾਰ ਹੋ ਕੇ ਰਹਿ ਗਿਆ ਹੈ। ਇਸ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਤੇ ਸਟਾਫ ਦੀ ਘਾਟ ਹੋਣ ਦੇ ਨਾਲ-ਨਾਲ ਹਸਪਤਾਲ ਦੀ ਐਂਬੂਲੈਂਸ ਵੀ ਕਈ ਮਹੀਨੇ ਤੋਂ ਖਰਾਬ ਖਡ਼੍ਹੀ ਹੈ। ਇਸ ਕਾਰਨ ਗੰਭੀਰ ਜ਼ਖਮੀ ਮਰੀਜ਼ਾਂ ਲਈ ਹੋਰ ਐਂਬੂਲੈਂਸਾਂ ਨੂੰ ਬੁਲਾੳਣਾ ਪੈਂਦਾ ਹੈ, ਇਥੇ ਹੀ ਬਸ ਨਹੀਂ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰਨ ਲਈ ਵੀ ਡੇਢ-ਡੇਢ ਘੰਟੇ ਦਾ ਸਮਾਂ ਲਾਇਆ ਜਾਂਦਾ ਹੈ ਜਦਕਿ ਸਿਹਤ ਵਿਭਾਗ ਨੇ ਸਭ ਕੁਝ ਅਣਡਿੱਖਾ ਕੀਤਾ ਹੋਇਆ ਹੈ। ਜੇਕਰ ਸਿਰਫ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਕ ਵਿਅਕਤੀ ਜਿਸ ਦੀ ਐਕਟਿਵਾ ਨੰਬਰ ਪੀ. ਬੀ. 65 ਏ. ਈ. 7026 ਵਿਚ ਮਿਲੀ ਆਰ. ਸੀ. ਮੁਤਾਬਕ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਮਕਾਨ ਨੰਬਰ-58 ਭੂਪਨਗਰ ਤਹਿਸੀਲ ਖਰਡ਼ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਪੰਜਕੋਹਾ ਪੈਲੇਸ ਮੋਰਿੰਡਾ ਨੇਡ਼ੇ ਪਹੁੰਚਿਆ ਤਾਂ ਅਚਾਨਕ ਸੜਕ ਵਿਚਕਾਰ ਇਕ ਅਾਵਾਰਾ ਕੁੱਤਾ ਐਕਟਿਵਾ ਦੇ ਅੱਗੇ ਆ ਗਿਆ। ਇਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮੁਢਲੀ ਸਹਾਇਤਾ ਤਾਂ ਦੇ ਦਿੱਤੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਅੱਗੇ ਰੈਫਰ ਕੀਤਾ ਜਾਣਾ ਸੀ। ਇਸ ਸਬੰਧੀ 108 ਨੰਬਰ ’ਤੇ ਫੋਨ ਕਰ ਕੇ ਐਂਬੂਲੈਂਸ ਬੁਲਾਈ ਗਈ ਪਰ ਡਾਕਟਰਾਂ ਵੱਲੋਂ ਜ਼ਖਮੀ ਵਿਅਕਤੀ ਦਾ ਕੋਈ ਜਾਣਕਾਰ ਜਾਂ ਨਾਲ ਜਾਣ ਵਾਲਾ ਵਿਅਕਤੀ ਨਾ ਮਿਲਣ ਕਰ ਕੇ ਕਾਫੀ ਸਮਾਂ ਅੱਗੇ ਹਸਪਤਾਲ ਵਿਚ ਰੈਫਰ ਨਹੀਂ ਕੀਤਾ ਗਿਆ। ਇਸ ਕਾਰਨ ਵਿਅਕਤੀ ਦੀ ਹਾਲਤ ਹੋਰ ਗੰਭੀਰ ਹੋ ਗਈ ਤੇ ਹਸਪਤਾਲ ਵਿਖੇ ਹਾਜ਼ਰ ਲੋਕਾਂ ਨੇ ਸਿਹਤ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਡਾਕਟਰਾਂ ਵੱਲੋਂ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲ ਕਰ ਕੇ ਉਸ ਵਿਅਕਤੀ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਹਾਜ਼ਰ ਮਹਿਲਾ ਕਾਂਗਰਸ ਬਲਾਕ ਮੋਰਿੰਡਾ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਰੌਣੀ ਨੇ ਦੱਸਿਆ ਕਿ ਗੰਭੀਰ ਜ਼ਖਮੀ ਇਸ ਵਿਅਕਤੀ ਦੇ ਇਲਾਜ ਤੇ ਰੈਫਰ ਕਰਨ ਲਈ ਹਸਪਤਾਲ ਦੇ ਡਾਕਟਰਾਂ ਨੇ ਕੋਈ ਗੰਭੀਰਤਾ ਨਹੀਂ ਵਿਖਾਈ।
ਕੀ ਕਹਿੰਦੇ ਹਨ ਡਿਊਟੀ ਡਾਕਟਰ
ਮੌਕੇ ’ਤੇ ਮੌਜੂਦ ਡਾਕਟਰ ਸੰਜੇ ਕੁਮਾਰ ਨਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮਰੀਜ਼ ਦਾ ਬਣਦਾ ਚੈੱਕਅਪ ਤੇ ਇਲਾਜ ਕੀਤਾ ਹੈ ਪਰ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਅੱਗੇ ਹਸਪਤਾਲ ਵਿਚ ਰੈਫਰ ਕੀਤਾ ਜਾਣਾ ਸੀ, ਐਂਬੂਲੈਂਸ ਵਾਲਿਆਂ ਦੀ ਸ਼ਰਤ ਅਨੁਸਾਰ ਰੈਫਰ ਕੀਤੇ ਜਾਣ ਵਾਲੇ ਵਿਅਕਤੀ ਨਾਲ ਉਸ ਦਾ ਕੋਈ ਸਕਾ-ਸਬੰਧੀ ਜਾਂ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਦਾ ਜਾਣਾ ਜ਼ਰੂਰੀ ਹੁੰਦਾ ਹੈ ਤੇ ਵਿਅਕਤੀ ਦਾ ਕੋਈ ਜਾਣਕਾਰ ਨਾ ਹੋਣ ਕਾਰਨ ਦਿੱਕਤ ਪੇਸ਼ ਆਈ ਸੀ। ਅਸੀਂ ਫਿਰ ਵੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲ ਕਰ ਕੇ ਉਸ ਨੂੰ ਸਰਕਾਰੀ ਹਸਪਤਾਲ ਰੁੂਪਨਗਰ ਰੈਫਰ ਕੀਤਾ ਹੈ।
ਕੀ ਕਹਿੰਦੇ ਐੱਸ. ਐੱਮ. ਓ. ਮੋਰਿੰਡਾ
ਇਸ ਸਬੰਧੀ ਜਦੋਂ ਐੱਸ. ਐੱਮ. ਓ. ਮੋਰਿੰਡਾ ਡਾ. ਹਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰਾਂ ਤੇ ਸਟਾਫ ਦੀ ਕਮੀ ਹੈ, ਜਿਸ ਕਾਰਨ ਹਾਜ਼ਰ ਡਾਕਟਰਾਂ ਤੋਂ ਹੀ ਵਾਧੂ ਕੰਮ ਲਿਆ ਜਾ ਰਿਹਾ ਹੈ ਪਰ ਫਿਰ ਵੀ ਜ਼ਖਮੀ ਵਿਅਕਤੀ ਦਾ ਬਣਦਾ ਇਲਾਜ ਕਰ ਕੇ ਉਸ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਰੈਫਰ ਕੀਤਾ ਹੈ।
ਸਿਹਤ ਮੰਤਰੀ ਦੇ ਪੀ. ਏ. ਨੇ ਵੀ ਵਿਖਾਈ ਗੰਭੀਰਤਾ
ਇਸ ਮਾਮਲੇ ਸਬੰਧੀ ਪੱਤਰਕਾਰਾਂ ਕੋਲੋਂ ਜਾਣਕਾਰੀ ਮਿਲਣ ’ਤੇ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਪੀ. ਏ. ਨੇ ਗੰਭੀਰਤਾ ਵਿਖਾਉਂਦਿਆਂ ਤੁਰੰਤ ਐੱਸ. ਐੱਮ. ਓ. ਕੋਲੋਂ ਜ਼ਖਮੀ ਵਿਅਕਤੀ ਦੇ ਇਲਾਜ ਨੂੰ ਲੈ ਕੇ ਡਾਕਟਰਾਂ ਦੀ ਕਾਰਗੁਜ਼ਾਰੀ ਤੇ ਇਲਾਜ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ।
ਪਹਿਲਾਂ ਵੀ ਹੋ ਚੁੱਕਾ ਅਜਿਹਾ ਮਾਮਲਾ
ਇਸੇ ਹਸਪਤਾਲ ਵਿਚ ਕਰੀਬ ਡੇਢ-2 ਸਾਲ ਪਹਿਲਾਂ ਇਕ ਵਿਅਕਤੀ ਦੀ ਇਲਾਜ ਵਿਚ ਦੇਰੀ ਹੋਣ ਕਾਰਨ ਮੌਤ ਹੋ ਗਈ ਸੀ, ਜਿਸ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਉਸ ਸਮੇਂ ਦੇ ਐੱਸ. ਐੱਮ. ਓ. ਨਾਲ ਕੁੱਟ-ਮਾਰ ਵੀ ਕੀਤੀ ਸੀ। ਅੱਜ ਵੀ ਗੰਭੀਰ ਹਾਲਤ ਵਿਚ ਜ਼ਖਮੀ ਵਿਅਕਤੀ ਨੂੰ ਰੈਫਰ ਕਰਨ ਵਿਚ ਹੁੰਦੀ ਦੇਰੀ ਦੇ ਕਾਰਨ ਹਾਜ਼ਰ ਲੋਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਤੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਜੇਕਰ ਰੈਫਰ ਵਿਚ ਹੋਰ ਦੇਰੀ ਹੁੰਦੀ ਤਾਂ ਲੋਕਾਂ ਦਾ ਰੋਸ ਹੋਰ ਵਧ ਸਕਦਾ ਸੀ।
ਚੋਣ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਭਿਡ਼ੇ ਸੋਈ ਤੇ ਐੱਨ. ਐੱਸ. ਯੂ. ਆਈ. ਵਰਕਰ
NEXT STORY