ਜਲੰਧਰ/ਨਵੀਂ ਦਿੱਲੀ,(ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਇਕ ਉਚ ਪੱਧਰੀ ਵਫਦ ਨੇ ਅੱਜ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ ਗੁਰਦੁਆਰਾ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਬੁਲਬੁਲ ਕੌਰ ਨੂੰ ਅਗਵਾ ਕਰਨ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ। ਸਿਰਸਾ ਨੇ ਮੰਤਰਾਲੇ ਨੂੰ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਬੁਲਬੁਲ ਕੌਰ ਨੂੰ ਦੋ ਮੁਸਲਿਮ ਲੜਕਿਆਂ ਨੇ ਅਗਵਾ ਕਰ ਲਿਆ ਅਤੇ ਹਾਲੇ ਤੱਕ ਉਸਦਾ ਕੁਝ ਪਤਾ ਨਹੀਂ ਲੱਗ ਰਿਹਾ ਜਦਕਿ ਪਰਿਵਾਰ ਵੱਲੋਂ ਵਾਰ-ਵਾਰ ਪੁਲਸ ਤੇ ਹੋਰ ਅਧਿਕਾਰੀਆਂ ਕੋਲ ਪਹੁੰਚ ਕੀਤੀ ਗਈ ਹੈ। ਉਸ ਦੇ ਪਿਤਾ ਗ੍ਰੰਥੀ ਪ੍ਰੀਤਮ ਸਿੰਘ ਨੇ ਦੋਵੇਂ ਹੱਥ ਜੋੜ ਕੇ ਭਾਈਚਾਰੇ ਅਤੇ ਆਗੂਆਂ ਤੋਂ
ਉਸ ਦੀ ਧੀ ਨੂੰ ਧਰਮ ਪਰਿਵਰਤਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਬੁਲਬੁਲ ਕੌਰ ਨੂੰ ਅਗਵਾ ਕਰ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਮੁੱਖ ਗ੍ਰੰਥੀਆਂ ਦੀਆਂ ਧੀਆਂ ਦਾ ਝੁਕਾਅ ਵੀ ਮੁਸਲਿਮ ਧਰਮ ਵੱਲ ਹੈ ਤੇ ਅਜਿਹੀ ਸਾਜ਼ਿਸ਼ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਵਫਦ ਨੇ ਮੰਤਰਾਲੇ ਨੂੰ ਦੱਸਿਆ ਕਿ ਪਿਛਲੇ 3 ਮਹੀਨਿਆ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ 55 ਲੜਕੀਆਂ ਅਗਵਾ ਹੋ ਚੁੱਕੀਆਂ ਹਨ, ਜਿਹਨਾਂ ਦਾ ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਮੁਸਲਿਮ ਲੜਕਿਆਂ ਨਾਲ ਨਿਕਾਹ ਕਰ ਦਿੱਤਾ ਜਾਂਦਾ ਹੈ ਤੇ ਇਸ ਕੇਸ ਵਿਚ ਵੀ ਨਨਕਾਣਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਜਗਜੀਤ ਕੌਰ ਦੇ ਕੇਸ ਵਾਲਾ ਤਰੀਕਾ ਅਪਣਾਇਆ ਗਿਆ ਹੈ। ਵਫਦ ਨੇ ਮੰਤਰਾਲੇ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾਵੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ ਜੋ ਉਥੇ ਜਾ ਕੇ ਇਹਨਾਂ ਲੜਕੀਆਂ ਦੀ ਹਾਲਾਤ ਤੇ ਅਸਲ ਵਿਚ ਕਿੰਨੀਆਂ ਲੜਕੀਆਂ ਅਗਵਾ ਹੋਈਆਂ, ਉਸਦਾ ਪਤਾ ਲਗਾ ਸਕੇਗਾ ਕਿਉਂਕਿ ਸੂਚੀ ਭਾਵੇਂ 55 ਲੜਕੀਆਂ ਦੀ ਹੈ ਪਰ ਅਜਿਹਾ ਜਾਪਦਾ ਹੈ ਕਿ ਇਹਨਾਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੈ।
ਸਿਰਸਾ ਨੇ ਇਹ ਵੀ ਦੱਸਿਆ ਕਿ ਮੰਤਰਾਲੇ ਵਿਚ ਪਾਕਿਸਤਾਨ ਡੈਸਕ ਦੇ ਇੰਚਾਰਜ ਜੁਆਇੰਟ ਸਕੱਤਰ ਜੇ. ਪੀ. ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਕੱਲ•ਸ਼ਾਮ ਉਨ੍ਹਾਂ ਨੇ ਫੋਨ 'ਤੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਤਾਂ ਉਸ ਮਗਰੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੱਦਿਆ ਗਿਆ ਸੀ ਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ 24 ਘੰਟਿਆਂ ਵਿਚ ਲੜਕੀ ਦੀ ਵਾਪਸੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਰਿਪੋਰਟ ਮੰਗੀ ਜਾ ਰਹੀ ਹੈ। ਸਿਰਸਾ ਨੇ ਐਲਾਨ ਕੀਤਾ ਕਿ ਜੇਕਰ ਐਤਵਾਰ ਸ਼ਾਮ ਤੱਕ ਲੜਕੀ ਨਾ ਪਰਤੀ ਤਾਂ ਫਿਰ ਅਸੀਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਧਰਨਾ ਲਾਵਾਂਗੇ ਜੋ ਸਿਰਫ ਇਕ ਦਿਨ ਨਹੀਂ ਬਲਕਿ ਨਿਆਂ ਮਿਲਣ ਤੱਕ ਜਾਰੀ ਰਹੇਗਾ।
ਸ. ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਦਿੱਲੀ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਜਗਜੀਤ ਕੌਰ ਨੇ ਵੀ ਇਹੀ ਤਸੀਹੇ ਝੱਲੇ ਹਨ। ਉਸ ਦਾ ਪਰਿਵਾਰ ਹਾਲੇ ਵੀ ਉਸ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰ ਰਿਹਾ ਹੈ, ਜਦਕਿ ਪਾਕਿਸਤਾਨ ਦੇ ਕਾਨੂੰਨ 'ਚ ਕੱਟੜਵਾਦੀ ਦੀ ਰਾਖੀ ਕੀਤੀ ਗਈ ਹੈ ਤੇ ਧਰਮ ਪਰਿਵਰਤਨ ਦੀ ਫੈਕਟਰੀ ਪੂਰੇ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਹਾਲਾਤਾਂ ਦੇ ਸੰਜੋਗ ਨਹੀਂ ਬਲਕਿ ਡੂੰਘੀ ਸਾਜ਼ਿਸ਼ ਹੈ ਕਿ ਸਿੱਖਾਂ ਦੇ ਪ੍ਰਭਾਵਸ਼ਾਲੀ ਪਰਿਵਾਰਾਂ ਦੀਆਂ ਧੀਆਂ ਨੂੰ ਇਸਲਾਮ ਵਿਚ ਬਦਲਿਆ ਜਾਵੇ ਕਿਉਂਕਿ ਸਿੱਖ ਬਹੁਤ ਦਲੇਰ, ਮਨੁੱਖਤਾ ਭਰਪੂਰ ਤੇ ਖੁੱਲੇ ਦਿਮਾਗ ਵਾਲੀ ਕੌਮ ਹੈ, ਜੋ ਹਰੇਕ ਦੀ ਮਦਦ ਲਈ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਧਰਮ ਨੂੰ ਛੋਟਾ ਵਿਖਾਉਣ ਲਈ ਇਹ ਸਾਜ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ 'ਚ ਤੁਰੰਤ ਦਖਲ ਦੇ ਕੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਤੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਪਾਕਿਸਤਾਨ ਸਰਕਾਰ ਕੋਲ ਉਠਾਵੇ।
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 145 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 3617
NEXT STORY