ਨਾਭਾ (ਭੁਪਿੰਦਰ ਭੂਪਾ)—ਇਕ ਪਾਸੇ ਪੰਜਾਬ ਸਰਕਾਰ ਸੂਬੇ 'ਚ ਪੋਲੀਥੀਨ ਦੇ ਲਿਫਾਫੇ ਦੀ ਵਰਤੋਂ 'ਤੇ ਰੋਕ ਲਾਉਣ ਦੇ ਦਾਅਵੇ ਕਰਦੀ ਹੈ। ਦੂਜੇ ਪਾਸੇ ਨਾਭਾ ਦੇ ਸਰਕਾਰੀ ਦਫਤਰਾਂ ਦੀ ਨੱਕ ਹੇਠ ਬਿਨਾਂ ਕਿਸੇ ਸਰਕਾਰੀ ਡਰ ਦੇ ਵੱਡੇ ਪੱਧਰ 'ਤੇ ਨਾ ਸਿਰਫ ਪੋਲੀਥੀਨ ਲਿਫਾਫੇ ਬਣਾਏ ਜਾ ਰਹੇ ਹਨ, ਬਲਕਿ ਇਨ੍ਹਾਂ ਨੂੰ ਧੜੱਲੇ ਨਾਲ ਵੇਚਿਆ ਵੀ ਜਾ ਰਿਹਾ ਹੈ।
'ਜਗ ਬਾਣੀ' ਦੀ ਟੀਮ ਨੇ ਪਾਲੀਥੀਨ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ 'ਚ ਜਾ ਕੇ ਵੇਖਿਆ ਤਾਂ ਸਰਕਾਰੀ ਦਫਤਰਾਂ ਦੀ ਭਰਮਾਰ ਵਾਲੇ ਨਾਭਾ ਦੇ ਪ੍ਰਬੰਧਕੀ ਕੰਪਲੈਕਸ ਤੋਂ ਥੋੜ੍ਹੀ ਦੂਰ ਹੀ ਰਿਹਾਇਸ਼ੀ ਇਲਾਕੇ 'ਚ ਬਣੀ ਇਕ ਫੈਕਟਰੀ 'ਚ ਕਿਲੋ, ਦੋ ਕਿਲੋ ਨਹੀਂ, ਕੁਇੰਟਲਾਂ ਦੇ ਹਿਸਾਬ ਨਾਲ ਪੋਲੀਥੀਨ ਦੇ ਲਿਫਾਫੇ ਤਿਆਰ ਕੀਤੇ ਜਾ ਰਹੇ ਸਨ। ਇਸ ਮੌਕੇ ਲਿਫਾਫੇ ਬਣਾਉਂਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਜਾਣਦੇ ਹਨ ਕਿ ਪੋਲੀਥੀਨ ਦਾ ਨਿਰਮਾਣ ਕਰਨਾ ਭਾਵੇਂ ਕਾਨੂੰਨ ਦੇ ਖਿਲਾਫ ਹੈ ਪਰ ਉਨ੍ਹਾਂ ਦੇ ਮਾਲਕ ਦਾ ਵੱਡੇ ਅਫਸਰਾਂ ਨਾਲ ਉੱਠਣਾ ਬੈਠਣਾ ਹੈ। ਇਸ ਨਾਲ ਉਹ ਹਰ ਰੋਜ਼ ਲਗਭਗ 10 ਕੁਇੰਟਲ ਪੋਲੀਥੀਨ ਦੇ ਲਿਫਾਫੇ ਤਿਆਰ ਕਰਦੇ ਹਨ। ਇਸ ਤਿਆਰ ਮਾਲ ਨੂੰ ਉਸ ਦਾ ਮਾਲਕ (ਜੋ ਕਿ ਮੂਲ ਰੂਪ ਨਾਲ ਹਰਿਆਣਾ ਤੋਂ ਆਇਆ ਹੈ) ਸਵੇਰੇ ਤੜਕਸਾਰ ਹੀ ਦੁਕਾਨਾਂ, ਫੈਕਟਰੀਆਂ ਅਤੇ ਰੇਹੜੀਆਂ 'ਤੇ ਸਪਲਾਈ ਕਰ ਦਿੰਦਾ ਹੈ। ਇਸ ਤੋਂ ਇਲਾਵਾ ਨਾਭਾ ਦੀ ਪੁਰਾਣੀ ਅਨਾਜ ਮੰਡੀ 'ਚ ਵੀ ਪੋਲੀਥੀਨ ਲਿਫਾਫਿਆਂ ਦੀ ਉਨ੍ਹਾਂ ਦੀ ਇਕ ਹੋਰ ਦੁਕਾਨ ਹੈ। ਇਸ ਤੋਂ ਛੋਟੇ ਤੋਂ ਲੈ ਕੇ ਵੱਡੇ ਲਿਫਾਫਿਆਂ ਸਮੇਤ ਕਿਸੇ ਵੀ ਤਰ੍ਹਾਂ ਦੇ ਸਾਈਜ਼ ਦੇ ਲਿਫਾਫਿਆਂ ਨੂੰ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਰਕਾਰੀ ਪਾਬੰਦੀ ਦੇ ਬਾਵਜੂਦ ਨਿਰਮਾਣ ਹੋ ਰਹੇ ਇਨ੍ਹਾਂ ਲਿਫਾਫਿਆਂ ਸਬੰਧੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ।

ਵਾਤਾਵਰਣ ਲਈ ਖਤਰਨਾਕ ਹਨ ਪੋਲੀਥੀਨ ਲਿਫਾਫੇ : ਬੁੱਧੀਜੀਵੀ
ਉਪਰੋਕਤ ਗਤੀਵਿਧੀਆਂ ਸਬੰਧੀ ਨਾਭਾ ਦੇ ਬੁੱਧੀਜੀਵੀ ਡਾ. ਮਨਦੀਪ ਗੌੜ, ਐੈੱਨ. ਆਰ. ਆਈ. ਕਿਸਾਨ ਗੁਰਿੰਦਰਦੀਪ ਸਿੰਘ ਕਲਿਆਣ ਅਤੇ ਨਾਨੋਕੀ ਟੂਰਿਸਟ ਸਪਾਟ ਦੇ ਐੈੱਮ. ਡੀ. ਅਬਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੋਲੀਥੀਨ ਲਿਫਾਫੇ ਵਾਤਾਵਰਣ ਲਈ ਖਤਰਨਾਕ ਹਨ। ਇਹ ਗੰਦਗੀ ਅਤੇ ਹੋਰ ਪਰੇਸ਼ਾਨੀਆਂ ਦਾ ਕਾਰਣ ਬਣਦੇ ਹਨ। ਪ੍ਰਸ਼ਾਸਨ ਦੇ ਨੱਕ ਹੇਠ ਇਸ ਫੈਕਟਰੀ 'ਚ ਵੱਡੇ ਪੱਧਰ 'ਤੇ ਤਿਆਰ ਹੁੰਦੇ ਪਾਲੀਥੀਨ ਦੇ ਲਿਫਾਫਿਆਂ ਤੋਂ ਸਰਕਾਰੀ ਵਿਭਾਗਾਂ ਵਲੋਂ ਮਾਮੂਲੀ ਜਿਹੇ ਗਰੀਬ ਰੇਹੜੀਆਂ ਵਾਲਿਆਂ ਦੇ ਕੀਤੇ ਜਾਂਦੇ ਚਲਾਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਆਖਰਕਾਰ ਸਰਕਾਰ ਮਗਰਮੱਛਾਂ ਨੂੰ ਕਾਬੂ ਕਰਨ ਦੀ ਬਜਾਏ ਕਿਉਂ ਛੋਟੀਆਂ ਮੱਛੀਆਂ ਦਾ ਹੀ ਸ਼ਿਕਾਰ ਕਰ ਰਹੀ ਹੈ?
ਫੈਕਟਰੀ ਖਿਲਾਫ ਜਲਦ ਹੀ ਸਖਤ ਕਾਰਵਾਈ ਅਮਲ 'ਚ ਲਿਆਵਾਂਗੇ : ਐੈੱਸ. ਡੀ. ਐੈੱਮ.
ਉਪਰੋਕਤ ਗੈਰ-ਕਾਨੂੰਨੀ ਗਤੀਵਿਧੀ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਵਾਰ-ਵਾਰ ਫੋਨ ਕਰਨ 'ਤੇ ਸੰਪਰਕ ਨਾ ਹੋ ਸਕਿਆ। ਇਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਇੰਨੇ ਵੱਡੇ ਪੱਧਰ 'ਤੇ ਨਿਰਮਾਣ ਹੁੰਦੇ ਪੋਲੀਥੀਨ ਦੇ ਲਿਫਾਫਿਆਂ ਸਬੰਧੀ ਸੁਣ ਕੇ ਐੈੱਸ. ਡੀ. ਐੈੱਮ. ਨਾਭਾ ਕੇ. ਆਰ. ਕਾਂਸਲ ਵੀ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਾਬੰਦੀਸ਼ੁਦਾ ਚੀਜ਼ਾਂ ਦਾ ਨਿਰਮਾਣ ਕਰਨ ਨਾਲ ਜੁਰਮਾਨਾ ਅਤੇ ਸਜ਼ਾ ਦੋਵੇਂ ਹੋ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਬੰਧਤ ਫੈਕਟਰੀ ਖਿਲਾਫ ਜਲਦ ਹੀ ਸਖਤ ਅਤੇ ਯੋਗ ਪ੍ਰਸ਼ਾਸਨਕ ਕਾਰਵਾਈ ਅਮਲ 'ਚ ਲਿਆਉਣਗੇ।
ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ ਸ਼ੁਰੂ : ਕੈਪਟਨ
NEXT STORY