ਚੰਡੀਗੜ੍ਹ (ਰਸ਼ਮੀ ਰੋਹਿਲਾ) : ਸਿੱਖਿਆ ਵਿਭਾਗ ਨਵੇਂ ਸੈਸ਼ਨ ਤੋਂ ਸ਼ਹਿਰ ਦੇ ਸਾਰੇ ਸਕੂਲਾਂ 'ਚ ਦਾਖਲਾ ਆਨਲਾਈਨ ਕਰਨ ਦੀ ਤਿਆਰੀ 'ਚ ਹੈ, ਜਿਸ ਸਬੰਧੀ ਸਿੱਖਿਆ ਵਿਭਾਗ ਵਲੋਂ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਆਪਣੀ ਵੈੱਬਸਾਈਟ ਅੱਪਡੇਟ ਰੱਖਣ ਦੀਆਂ ਹਦਾਇਤਾਂ ਵੀ ਦੇ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਜਿਥੇ ਸਮੇਂ ਦੀ ਬੱਚਤ ਹੋਵੇਗੀ, ਉਥੇ ਹੀ ਦਾਖਲਾ ਪ੍ਰਕਿਰਿਆ 'ਚ ਪਾਰਦਰਸ਼ਿਤਾ ਵੀ ਆਵੇਗੀ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਿੱਖਿਆ ਵਿਭਾਗ ਦਾ ਦਾਖਲਾ ਆਨਲਾਈਨ ਕਰਨ ਦਾ ਇਹ ਸੁਪਨਾ ਪੂਰਾ ਹੋ ਸਕੇਗਾ ਜਾਂ ਨਹੀਂ ਕਿਉਂਕਿ ਸ਼ਹਿਰ ਦੇ ਕਈ ਸਕੂਲਾਂ ਦੀਆਂ ਵੈੱਬਸਾਈਟਾਂ ਹੀ ਅਜੇ ਤਕ ਅੱਪਡੇਟ ਨਹੀਂ ਹਨ। ਅਜਿਹੇ 'ਚ ਇਸ ਪ੍ਰਾਜੈਕਟ ਦਾ ਪੂਰਾ ਹੋਣਾ ਸਿੱਖਿਆ ਵਿਭਾਗ ਲਈ ਇਕ ਵੱਡੀ ਉਪਲਬਧੀ ਹੋਵੇਗੀ ਕਿਉਂਕਿ ਦਾਖਲਾ ਸਿੱਖਿਆ ਵਿਭਾਗ ਲਈ ਸਭ ਤੋਂ ਵੱਡੀ ਸਿਰਦਰਦੀ ਪਰ ਦਾਖਲਾ ਆਨਲਾਈਨ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦੇ ਨਾਲ-ਨਾਲ ਸਕੂਲਾਂ ਦਾ ਕੰਮ ਵੀ ਅੱਧਾ ਹੋ ਜਾਵੇਗਾ।
ਚੱਕਰ ਕੱਟਣ ਤੋਂ ਮਿਲੇਗਾ ਛੁਟਕਾਰਾ
ਦਾਖਲਾ ਆਨਲਾਈਨ ਹੋਣ ਤੋਂ ਬਾਅਦ ਮਾਪਿਆਂ ਦੀ ਪਰੇਸ਼ਾਨੀ ਵੀ ਕਾਫੀ ਹੱਦ ਤਕ ਖਤਮ ਹੋ ਜਾਵੇਗੀ ਕਿਉਂਕਿ ਮਾਪਿਆਂ ਨੂੰ ਬੱਚਿਆਂ ਦੇ ਦਾਖਲੇ ਲਈ ਸਕੂਲਾਂ 'ਚ ਜਾ ਕੇ ਕਦੇ ਫਾਰਮ ਲਿਆਉਣ ਲਈ ਚੱਕਰ ਕੱਟਣੇ ਪੈਂਦੇ ਹਨ ਕਦੇ ਫਾਰਮ ਜਮ੍ਹਾ ਕਰਵਾਉਣ ਲਈ ਤਾਂ ਕਦੇ ਫੀਸ ਜਮ੍ਹਾ ਕਰਵਾਉਣ ਲਈ ਪਰ ਆਨਲਾਈਨ ਦਾਖਲਾ ਹੋਣ ਤੋਂ ਬਾਅਦ ਮਾਪਿਆਂ ਨੂੰ ਇਨ੍ਹਾਂ ਚੱਕਰਾਂ ਤੋਂ ਛੁਟਕਾਰਾ ਮਿਲ ਜਾਵੇਗਾ।
1 ਅਪ੍ਰੈਲ ਤੋਂ ਸ਼ੁਰੂ ਹੋਣਗੇ ਦਾਖਲੇ
ਪਹਿਲੀ ਤੋਂ ਨੌਂਵੀ ਜਮਾਤ ਲਈ ਦਾਖਲਾ ਪ੍ਰਕਿਰਿਆ ਸਿੱਖਿਆ ਵਿਭਾਗ ਵਲੋਂ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜੋ 15 ਅਪ੍ਰੈਲ ਤਕ ਚੱਲੇਗੀ। ਇਸ 'ਚ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਣ ਦੇ ਚਾਹਵਾਨ ਮਾਪੇ ਦਾਖਲੇ ਲਈ ਅਪਲਾਈ ਕਰ ਸਕਦੇ ਹਨ। ਸਾਰੇ ਸਕੂਲਾਂ ਵਿਚ ਫਿਲਹਾਲ ਪ੍ਰੀਖਿਆਵਾਂ ਹੀ ਚੱਲ ਰਹੀਆਂ ਸਨ, ਜਿਨ੍ਹਾਂ ਦਾ ਨਤੀਜਾ 31 ਮਾਰਚ ਨੂੰ ਐਲਾਨ ਦਿੱਤਾ ਜਾਵੇਗਾ।
ਇਨ੍ਹਾਂ ਸਕੂਲਾਂ ਦੀ ਵੈੱਬਸਾਈਟ ਨਹੀਂ ਹੈ ਅਪਡੇਟ
ਇਕ ਪਾਸੇ ਤਾਂ ਸਿੱਖਿਆ ਵਿਭਾਗ ਆਨਲਾਈਨ ਦਾਖਲਾ ਸ਼ੁਰੂ ਕਰਨ ਜਾ ਰਿਹਾ ਹੈ, ਜਦੋਂ ਕਿ ਸ਼ਹਿਰ ਦੇ ਕੁਝ ਸਕੂਲਾਂ ਦੀ ਵੈੱਬਸਾਈਟ ਅੱਪਡੇਟ ਹੀ ਨਹੀਂ ਹੈ। ਜਿਵੇਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16, 21, 27, 28 ਆਦਿ ਸਕੂਲਾਂ ਦੀ ਵੈੱਬਸਾਈਟ ਅੱਪਡੇਟ ਨਹੀਂ ਹੈ। ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਵਿਚ 4 ਅਪ੍ਰੈਲ ਤੋਂ ਦਾਖਲੇ ਲਈ ਫਾਰਮ ਦਿੱਤੇ ਜਾਣਗੇ, ਜਿਨ੍ਹਾਂ ਨੂੰ ਜਮ੍ਹਾ ਵੀ ਸਕੂਲ ਵਿਚ ਹੀ ਕਰਵਾਇਆ ਜਾਵੇਗਾ। ਇਸ ਵਾਰ ਪਹਿਲੀ ਤੋਂ ਨੌਵੀਂ ਜਮਾਤ ਦੇ ਦਾਖਲੇ ਵੀ ਆਨਲਾਈਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ ਇਸ ਸਬੰਧੀ ਚਰਚਾ ਜਾਰੀ ਹੈ।
ਚੋਰੀ ਦੀ ਬਲੈਰੋ ਗੱਡੀ ਸਮੇਤ ਇਕ ਗ੍ਰਿਫਤਾਰ
NEXT STORY