ਚੰਡੀਗੜ੍ਹ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਪਹਿਲਾਂ ਵੀ ਸੰਸਦ ’ਚ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨੀ ਹੱਕਾਂ ਵਿਚ ਅਵਾਜ਼ ਉਠਾਉਂਦੇ ਰਹਿੰਦੇ ਹਨ। ਅੱਜ ਉਨ੍ਹਾਂ ਸਿੱਧੇ ਤੌਰ ’ਤੇ ਅਸੈਂਬਲੀ ਵਿਚ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਰਕਾਰੋ ਯਾਦ ਰੱਖੋ ਕਿ ਜੇਕਰ ਪੰਜਾਬ ਦਾ ਭਗਤ ਸਿੰਘ ਦੇਸ਼ ਦੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮ ਸਕਦਾ ਹੈ ਤਾਂ ਉਹ ਅਸੈਂਬਲੀ ਵਿਚ ਬੰਬ ਵੀ ਸੁੱਟ ਸਕਦਾ ਹੈ, ਇਸ ਲਈ ਉਹ ਸਾਡੇ ਪੰਜਾਬ ਵਾਸੀਆਂ ’ਤੇ ਐਨਾ ਜ਼ੁਲਮ ਨਾ ਕਰਨ। ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੁਝ ਹੀ ਦਿਨਾਂ ’ਚ ਕਿਸਾਨਾਂ ਦਾ ਵੱਡਾ ਤਿਉਹਾਰ ਵਿਸਾਖੀ ਆਉਣ ਵਾਲਾ ਹੈ ਪਰ ਇਸ ਨੂੰ ਮਨਾਉਣ ਦੀ ਬਜਾਏ ਪੰਜਾਬ ਦੇ ਲੱਖਾਂ ਕਿਸਾਨ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੜਕਾਂ ’ਤੇ ਪਰਿਵਾਰਾਂ ਸਮੇਤ ਧਰਨਾ ਲਗਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ 40 ਸਾਲ ਦਾ ਖੇਤੀਬਾੜੀ ਏ. ਪੀ. ਐੱਮ. ਸੀ. ਐਕਟ ਬਦਲਣ ਦੀ ਹਿਦਾਇਤ ਕਰ ਰਹੀ ਹੈ ਪਰ ਇਹ ਕਿਵੇਂ ਹੋ ਸਕਦਾ ਕਿ ਇਸ ਕਾਨੂੰਨ ਅਧੀਨ ਕਿਸਾਨਾਂ ਤੇ ਆੜਤੀਆਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਵੀ ਤੋੜ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ’ਚ ਫ਼ਸਲਾਂ ਦੀ ਖ਼ਰੀਦ ਲਈ ਜੋ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ, ਉਸ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਕੰਪਿਊਟਰ ਵਿਚ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਇਹ ਸੰਭਵ ਨਹੀਂ।
ਇਹ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਜਾਰੀ ਕੀਤੇ ਨਵੇਂ ਹੁਕਮ
ਐੱਮ. ਪੀ. ਬਿੱਟੂ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਪੰਜਾਬ ’ਚ ਕਣਕ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਜਾਣਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਖੇਤੀਬਾੜੀ ਕਾਲੇ ਕਾਨੂੰਨ ਥੋਪਣਾ ਚਾਹੁੰਦੀ ਹੈ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਸੰਸਦ ਵਿਚ ਤਿੱਖੇ ਸ਼ਬਦਾਂ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਨਾਲ ਸ਼ਰਾਰਤਾਂ ਨਾ ਕਰੇ ਕਿਉਂਕਿ ਜੇਕਰ ਪੰਜਾਬ ਦਾ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮ ਸਕਦਾ ਹੈ ਤਾਂ ਉਹ ਅਸੈਂਬਲੀ ਵਿਚ ਬੰਬ ਵੀ ਸੁੱਟ ਸਕਦਾ ਹੈ, ਇਸ ਲਈ ਸਾਡੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਕਾਲੇ ਕਾਨੂੰਨ ਨਾ ਮੰਨੇ ਤਾਂ ਕੇਂਦਰ ਸਰਕਾਰ ਜਾਣਬੁਝ ਕੇ ਫਸਲਾਂ ਦੀ ਖਰੀਦ ਵਿਚ ਨਵੀਆਂ ਸ਼ਰਤਾਂ ਲਾਗੂ ਕਰ ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਚ ਕਈ ਕਿਸਾਨ ਠੇਕੇ ’ਤੇ ਜ਼ਮੀਨ ਲੈ ਕੇ ਵਹਾਈ ਕਰਦੇ ਹਨ, ਜੇਕਰ ਸਰਕਾਰ ਦੀਆਂ ਨਵੀਆਂ ਸ਼ਰਤਾਂ ਅਨੁਸਾਰ ਉਹ ਕੰਪਿਊਟਰ ਵਿਚ ਆਪਣਾ ਡਾਟਾ ਦਰਜ ਕਰਵਾਉਣਗੇ ਤਾਂ ਉਨ੍ਹਾਂ ਨੂੰ 30 ਫੀਸਦੀ ਜੀ. ਐੱਸ. ਟੀ. ਦੇਣਾ ਪਵੇਗਾ, ਇਸ ਲਈ ਕੇਂਦਰ ਸਰਕਾਰ ਫ਼ਸਲਾਂ ਦੀ ਖਰੀਦ ਨੂੰ ਪ੍ਰਭਾਵਿਤ ਕਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ।
ਇਹ ਵੀ ਪੜ੍ਹੋ : ਐੱਮ. ਪੀ. ਲੈਂਡ ਫੰਡ ਤੁਰੰਤ ਬਹਾਲ ਕਰਨ ਦੀ ਪ੍ਰਨੀਤ ਕੌਰ ਨੇ ਕੇਂਦਰ ਕੋਲ ਉਠਾਈ ਮੰਗ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਾਘਾਪੁਰਾਣਾ ਦੀ ਆਸ਼ਾ ਦੀਆਂ ਆਸਾਂ ਨੂੰ ਪਿਆ ਬੂਰ, ਰਾਤੋ-ਰਾਤ ਬਣ ਗਈ ਕਰੋੜ ਪਤੀ
NEXT STORY