ਜਲੰਧਰ (ਜਸਬੀਰ ਵਾਟਾਂ ਵਾਲੀ) ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬੇ ਆਦਮ ਤੋਂ ਤੁਰਿਆ ਮਨੁੱਖੀ ਨਸਲ ਦਾ ਕਾਫਲਾ ਹੁਣ 21ਵੀਂ ਸਦੀ ਵਿਚ ਪਹੁੰਚ ਕੇ ਵਿਕਸਤ ਮਨੁੱਖ ਬਣ ਚੁੱਕਾ ਹੈ। ਇਸ ਲੰਮੇ ਸਫਰ ਦੌਰਾਨ ਇਹ ਕਾਫਲਾ ਹਜਾਰਾਂ ਔਖੇ-ਸੌਖੇ ਪੜਾਵਾਂ ਵਿਚੋਂ ਹੋ ਕੇ ਗੁਜਰਿਆ। ਇਸ ਦੌਰਾਨ ਇਸ ਕਾਫਲੇ ਨੇ ਕਈ ਕੁੱਝ ਖੱਟਿਆ ਅਤੇ ਕਈ ਕੁੱਝ ਹੀ ਗਵਾ ਲਿਆ। ਖੱਟਣ ਦੇ ਪੱਖ ਤੋਂ ਜਿੱਥੇ ਇਸ ਕਾਫਲੇ ਨੇ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਨਾਲ ਅਜਿਹੀਆਂ ਹੈਰਾਨੀਜਨਕ ਉਪਲੱਭਦੀਆਂ ਹਾਸਲ ਕਰ ਲਈਆਂ ਹਨ ਕਿ ਸਿਰ ਫਖ਼ਰ ਨਾਲ ਗਿੱਠ ਉੱਚਾ ਹੋ ਜਾਂਦਾ ਹੈ। ਦੂਜੇ ਪਾਸੇ ਗੱਲ ਇਸ ਵੱਲੋਂ 21ਵੀ ਸਦੀ ਵਿਚ ਪਹੁੰਚ ਕੀਤੀਆਂ ਗਈਆਂ ਮੂਰਖਤਾਈਆਂ ਦੀ ਕਰੀਏ ਤਾਂ ਉਹ ਵੀ ਅਣਗਿਣਤ ਅਤੇ ਬੇਹਿਸਾਬ ਹਨ। ਅਜੋਕੇ ਮਨੁੱਖ ਨੇ ਤਕਨੀਕ ਦੇ ਸਹਾਰੇ, ਜਿੱਥੇ ਅਨੇਕਾਂ ਆਪਾ ਮਾਰੂ ਹਥਿਆਰ ਤਿਆਰ ਕੀਤੇ ਹਨ, ਉੱਥੇ ਹੀ ਇਸੇ ਤਕਨੀਕ ਦੇ ਸਹਾਰੇ ਇਸ ਨੇ ਕੁਦਰਤੀ ਸਰੋਤਾਂ ਦਾ ਘਾਣ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਸ ਨੇ ਸਭ ਤੋਂ ਵੱਡੀ ਗਲਤੀ ਕੁਦਰਤ ਵੱਲੋਂ ਬਖਸ਼ੇ ਗਏ ਅਣਮੁੱਲ ਖਜ਼ਾਨੇ ਪਾਣੀ ਨੂੰ ਤਬਾਹ ਕਰਕੇ ਕੀਤੀ ਹੈ।
ਧਰਤੀ ਉੱਤੇ ਮੌਜੂਦ ਕੁੱਲ ਪਾਣੀ ਦੀ ਗੱਲ ਕਰੀਏ ਤਾਂ ਸਮੁੱਚੀ ਧਰਤੀ ਦੇ ਹਿੱਸੇ 'ਤੇ ਭਾਵੇਂ ਕਿ 71 ਫੀਸਦੀ ਮੌਜੂਦ ਹੈ ਪਰ ਇਸ ਸਾਰੇ ਪਾਣੀ ਵਿਚੋਂ ਪੀਣ ਯੋਗ ਪਾਣੀ ਸਿਰਫ਼ 2.5 ਫੀਸਦੀ ਹੀ ਹੈ। ਬਾਕੀ ਬਚਿਆ ਪਾਣੀ ਦਾ ਭਾਗ ਪੂਰੀ ਤਰ੍ਹਾਂ ਖਾਰਾ ਹੈ ਭਾਵ ਸਮੁੰਦਰੀ ਹੈ। ਇਸ ਨੂੰ ਪੀਣ ਲਈ ਨਹੀਂ ਵਰਤਿਆ ਜਾ ਸਕਦਾ ਅਤੇ ਨਾ ਹੀ ਇਸਨੂੰ ਫ਼ਸਲਾਂ ਲਈ ਇਸਤੇਮਾਲ ਕੀਤਾ ਜਾ ਸਕਦਾ। ਇਸ 2.5 ਫੀਸਦ ਪਾਣੀ ਵਿਚੋਂ ਵੀ ਸਿਰਫ਼ ਇੱਕ ਫੀਸਦੀ ਪਾਣੀ ਹੀ ਤਰਲ ਵਿਚ ਸਾਡੇ ਕੋਲ ਮੌਜੂਦ ਜਦਕਿ ਬਾਕੀ 1.5 ਫੀਸਦ ਪਾਣੀ ਗਲੇਸ਼ੀਅਰਾਂ ਅਤੇ ਬਰਫੀਲੇ ਇਲਾਕਿਆਂ ਵਿਚ ਠੋਸ ਰੂਪ ਵਿਚ ਮੌਜੂਦ ਹੈ। ਇਹ ਪਾਣੀ ਵੀ ਸਾਡੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੈ। ਇਸ ਦੇ ਬਾਵਜੂਦ ਪੀਣ ਯੋਗ ਪਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਅਤੇ ਮੌਜੂਦ ਸਰੋਤਾਂ ਦਾ ਕੀਤਾ ਜਾ ਰਿਹਾ ਘਾਣ ਸਾਨੂੰ ਵਿਨਾਸ਼ ਵੱਲ ਲਿਜਾ ਸਕਦਾ ਹੈ।
ਪੰਜਾਬ ਅਤੇ ਭਾਰਤ ਦੇ ਕੁਝ ਹੋਰ ਸੂਬਿਆਂ ਵਿਚ ਤਾਂ ਹਲਾਤ ਬੇਹੱਦ ਹੀ ਚਿੰਤਾਜਨਕ ਹਨ। ਪੰਜਾਬ ਕੋਲ ਮੌਜੂਦ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ ਤਾਂ ਸੂਬੇ ਦੇ 141 ਬਲਾਕਾਂ 'ਚੋਂ 107 ਬਲਾਕ ਡਾਰਕ ਜੋਨ ਵਿਚ ਪੁੱਜ ਚੁੱਕੇ ਹਨ। ਇਨ੍ਹਾਂ ਵਿਚੋਂ ਦਰਜ਼ਨ ਦੇ ਕਰੀਬ ਬਲਾਕਾਂ ਦੀ ਸਥਿਤੀ ਤਾਂ ਹੋਰ ਵੀ ਭਿਆਨਕ ਹੈ, ਇਨ੍ਹਾਂ ਬਲਾਕਾਂ ਨੂੰ ਕ੍ਰਿਟੀਕਲ ਡਾਰਕ ਜੋਨ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਕੇਂਦਰੀ ਭੂਮੀ ਜਲ ਬੋਰਡ (ਉੱਤਰ-ਪੱਛਮੀ ਖੇਤਰ) ਦੀ ਰਿਪੋਰਟ 'ਤੇ ਝਾਤੀ ਮਾਰੀਏ ਤਾਂ ਇਸ ਵਿਚ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਜੇਕਰ ਸਾਡੇ ਵੱਲੋਂ ਭੂਮੀਗਤ ਪਾਣੀ ਦੇ ਸਰੋਤਾਂ ਦਾ ਇਸੇ ਤਰ੍ਹਾਂ ਇਸਤੇਮਾਲ ਹੁੰਦਾ ਰਿਹਾ ਤਾਂ ਆਉਣ ਵਾਲੇ 25 ਸਾਲਾਂ ਦੌਰਾਨ 'ਪੰਜਾਬ' ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਰਿਪੋਰਟ 'ਚ ਪੇਸ਼ ਕੀਤੇ ਗਏ ਅੰਕੜਿਆਂ 'ਤੇ ਝਾਤੀ ਮਾਰੀਏ ਤਾਂ ਪੰਜਾਬ ਦੇ 100 ਮੀਟਰ ਤੱਕ ਦੇ ਭੂਮੀਗਤ ਜਲ ਸਰੋਤ ਆਉਣ ਵਾਲੇ 10 ਸਾਲਾਂ 'ਚ ਖਤਮ ਹੋ ਸਕਦੇ ਹਨ । ਇਸੇ ਤਰ੍ਹਾਂ 300 ਮੀਟਰ ਤੱਕ ਉਪਲੱਬਧ ਭੂਮੀਗਤ ਜਲ ਸਰੋਤ ਵੀ ਆਉਣ ਵਾਲੇ 25 ਤੋਂ ਸਾਲਾਂ ਤੱਕ ਮੁੱਕਣ ਦਾ ਖਦਸ਼ਾ ਹੈ। ਇਸ ਹਾਲਾਤ ਨੂੰ ਦੇਖਦੇ ਵਿਭਾਗ ਨੇ ਇਸ ਨੂੰ ਰੈੱਡ ਅਲਰਟ ਪੀਰੀਅਡ ਐਲਾਨ ਦਿੱਤਾ ਹੈ। ਵਿਭਾਗ ਅਨੁਸਾਰ ਸੂਬੇ 'ਚ ਕੁੱਲ 14.31 ਲੱਖ ਟਿਊਬਵੈੱਲ ਹਨ। ਇਨ੍ਹਾਂ ਟਿਊਬਲਾਂ ਅਤੇ ਹੋਰ ਸਾਧਨਾਂ ਰਾਹੀਂ ਪੰਜਾਬ ਦੀ ਧਰਤੀ 'ਚੋਂ ਹਰ ਸਾਲ 35.78 ਅਰਬ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਰਿਹਾ ਹੈ। ਇਸ ਦੇ ਉਲਟ 21.58 ਅਰਬ ਕਿਊਬਿਕ ਮੀਟਰ ਪਾਣੀ ਹੀ ਵਾਪਸ ਜ਼ਮੀਨ ਵਿਚ ਵਾਪਸ ਰੀਚਾਰਜ ਹੁੰਦਾ ਹੈ। ਧਰਤੀ ਵਿਚ ਮੁੜ ਰੀਚਾਰਜ ਹੋਣ ਵਾਲਾ ਇਹ ਪਾਣੀ ਵੀ ਜ਼ਹਿਰੀਲਾ ਅਤੇ ਤੇਜ਼ਾਬੀ ਹੈ, ਜੋ ਕਿ ਕਿਸੇ ਤਰ੍ਹਾਂ ਵੀ ਪੀਣਯੋਗ ਨਹੀਂ ਹੋਵੇਗਾ।
ਸਾਡੇ ਦਰਿਆਵਾਂ ਦੀ ਗੱਲ ਕਰੀਏ ਤਾਂ ਉਹ ਵੀ ਸ਼ਹਿਰਾਂ ਦੇ ਸੀਵਰੇਜ ਅਤੇ ਉਦਯੋਗਾਂ ਦੇ ਤੇਜ਼ਾਬੀ ਵਹਿਣਾਂ ਨੂੰ ਢੋਹਣ ਦਾ ਸਾਧਨ ਮਾਤਰ ਬਣ ਕੇ ਰਹਿ ਗਏ ਹਨ। ਅਕਾਰ ਵਿਚ ਸਭ ਤੋਂ ਲੰਮਾ ਦਰਿਆ ਸਤਲੁਜ, ਜੋ ਕਿ ਚੜ੍ਹਦੇ ਪੰਜਾਬ ਵਿਚ ਵਹਿੰਦਾ ਹੈ ਉਹ ਪੂਰੀ ਤਰ੍ਹਾਂ ਗੰਦੇ ਨਾਲੇ ਵਿਚ ਤਬਦੀਲ ਹੋ ਚੁੱਕਾ ਹੈ। ਇਸੇ ਤਰ੍ਹਾਂ ਬਿਆਸ ਅਤੇ ਰਾਵੀ ਦੀ ਹਾਲਤ ਵੀ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸੱਚਾਈ ਇਹ ਵੀ ਹੈ ਕਿ ਇਹ ਸਭ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਦਾ ਹੀ ਸਿੱਟਾ ਹੈ ਕਿ ਪੰਜਾਬ ਦੇ ਕਲ-ਕਲ ਵਗਦੇ ਦਰਿਆ ਸਾਫ ਪਾਣੀਆਂ ਤੋਂ ਵਿਹੂਣੇ ਕੇ ਰਹਿ ਗਏ ਹਨ। ਇਸ ਤੋਂ ਵੀ ਵੱਡੀ ਸੱਚਾਈ ਇਹ ਹੈ ਕਿ ਵੱਧ ਮੁਨਾਫੇ ਦੇ ਚੱਕਰ ਵਿਚ ਅਸੀਂ ਵੀ ਆਪਣੀ ਧਰਤੀ ਅਤੇ ਆਪਣੇ ਪਾਣੀਆਂ ਵਿਚ ਬੇਆਥਾਹ ਜ਼ਹਿਰੀਲੇ ਰਸਾਇਣ ਰਲਾ ਦਿੱਤੇ ਹਨ। ਅੱਜ ਤ੍ਰਾਸਦੀ ਇਹ ਹੈ ਕਿ ਪੰਜਾਬ ਦੀ ਧਰਤੀ ਦੇ ਲੋਕ ਪ੍ਰਦੂਸ਼ਤ ਪਾਣੀ ਨੂੰ ਪੀਣ ਲਈ ਮਜ਼ਬੂਰ ਹਨ। ਇਸ ਦੇ ਚਲਦਿਆਂ ਅਸੀਂ ਅਨੇਕਾਂ ਗੰਭੀਰ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਾਂ। ਇਸ ਤੋਂ ਇਲਾਵਾ ਜੋ ਲੋਕ ਆਰ. ਓ., ਫਿਲਟਰ ਅਤੇ ਬੋਤਲਾਂ ਵਾਲਾ ਪਾਣੀ ਪੀ ਰਹੇ ਉਹ ਵੀ ਸਿਹਤਮੰਦ ਨਹੀਂ ਹਨ। ਸਿਹਤ ਮਾਹਰਾਂ ਦੀ ਮੰਨੀਏ ਤਾਂ ਆਰ.ਓ., ਬੋਤਲਾਂ ਅਤੇ ਫਿਲਟਰ ਦਾ ਪਾਣੀ ਕਿਸੇ ਪੱਖੋਂ ਵੀ ਕੁਦਰਤੀ ਪਾਣੀ ਦਾ ਮੁਕਾਬਲਾ ਨਹੀਂ ਕਰਦਾ। ਸਿਹਤ ਮਾਹਰਾਂ ਨੇ ਤਾਂ ਇਸ ਪਾਣੀ ਨੂੰ ਵੀ ਸਾਡੀਆਂ ਸਿਹਤਾਂ ਲਈ ਘਾਤਕ ਦੱਸਿਆ ਹੈ। ਸਿਹਤ ਮਾਹਰਾਂ ਵੱਲੋਂ ਦਿੱਤੀ ਗਈ ਇਸ ਤੋਂ ਵੀ ਵੱਡੀ ਚੇਤਾਵਨੀ ਇਹ ਹੈ ਕਿ ਚੁਗਿਰਦੇ ਵਿਚ ਆਏ ਵਿਗਾੜ ਕਾਰਨ ਮਨੁੱਖ ਦੀ ਜੀਨ ਵੀ ਡਿਫੈਕਟਡ ਹੋਣਾ ਸ਼ੁਰੂ ਚੁੱਕਾ ਹੈ। ਜੇਕਰ ਇਸ ਵਿਚ ਰਤਾ ਜਿੰਨੀ ਵੀ ਸੱਚਾਈ ਹੈ ਤਾਂ ਮਨੁੱਖੀ ਨਸਲ ਲਈ ਇਹ ਵਿਨਾਸ਼ਕਾਰੀ ਸੰਕੇਤ ਹਨ। ਸਾਫ-ਸਵੱਛ ਪਾਣੀ ਅਤੇ ਸੁਥਰੇ ਚੁਗਿਰਦੇ ਤੋਂ ਬਿਨਾਂ ਮਨੁੱਖੀ ਜੀਵਨ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਤ੍ਰਾਸਦੀ ਦੀ ਗੱਲ ਇਹ ਹੈ ਕਿ ਸਦੀਆਂ ਤੋਂ ਵੱਸਦੀ-ਰਸਦੀ ਬਾਬੇ ਆਦਮ ਦੀ ਨਸਲ 21ਵੀਂ ਸਦੀ ਵਿਚ ਪਹੁੰਚ ਕੇ ਗੰਭੀਰ ਖਤਰਿਆਂ ਵਿਚ ਘਿਰ ਚੁੱਕੀ ਹੈ। ਇਸ ਦਾ ਖਮਿਆਜ਼ਾ ਮੌਜੂਦਾਂ ਨਸਲਾਂ ਨੂੰ ਤਾਂ ਭੁਗਤਣਾ ਹੀ ਪੈਣਾ ਪਰ ਦੁੱਖ ਦੀ ਗੱਲ ਇਹ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸ਼ਾਇਦ ਹਜ਼ਾਰਾਂ ਸਾਲਾਂ ਤੱਕ ਸਾਡੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਸਜਾ ਭੁਗਤਣਗੀਆਂ। ਸੱਚਾਈ ਇਹ ਹੈ ਕਿ ਅਸੀਂ ਕੁਦਰਤ ਵੱਲੋਂ ਬਖਸ਼ੀ ਗਈ ਬੇਸ਼ਕੀਮਤੀ ਨਿਆਮਤ ਪਾਣੀ ਨੂੰ ਬੁਰੀ ਤਰ੍ਹਾਂ ਤਬਾਬ ਕਰ ਚੁੱਕੇ ਹਾਂ। ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਇਹ ਸਵਾਲ ਵਾਰ-ਵਾਰ ਪੁੱਛਣਗੀਆਂ ਕਿ ਬਜੁਰਗੋ ਸਾਡੇ ਹਿੱਸੇ ਦਾ ਪੀਣਯੋਗ ਪਾਣੀ ਕਿੱਥੇ ਗਿਆ ?
ਇਹ ਵੀ ਪੜ੍ਹੋ : ਕੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਗਾਲਣ ਲਈ ਪੰਜਾਬ ਕੋਲ ਪਾਣੀ ਹੈ
ਇਹ ਵੀ ਪੜ੍ਹੋ : ਬੇ-ਆਬਾ ਹੋ ਕੇ ਰਹਿ ਗਿਆ ਹੈ ‘ਚੜ੍ਹਦਾ ਪੰਜਾਬ’
ਪੰਜਾਬ ਸਰਕਾਰ ਨੇ ਕੀਤਾ ਐਲਾਨ: ਖੁੱਲ੍ਹੇ ਬੋਰਵੈੱਲ ਦੀ ਦਿਓ ਸੂਚਨਾ ਤੇ ਲਓ ਇਨਾਮ
NEXT STORY