ਜਲੰਧਰ (ਬਿਊਰੋ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ ਅਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਮੈਂਬਰ ਸਾਹਿਬਾਨ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਲੈ ਕੇ ਅੱਜ ਜਲੰਧਰ ਵਿਖੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ। ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਜਥੇਬੰਦੀ ਦੇ ਧਰਨੇ ’ਚ ਪਹੁੰਚੇ ਅਤੇ ਉਨ੍ਹਾਂ ਨੇ ਜਥੇਬੰਦੀ ਨੂੰ ਇਹ ਭਰੋਸਾ ਦਿੱਤਾ ਕਿ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ 16 ਨਵੰਬਰ ਨੂੰ ਪੱਤਰ ਜਾਰੀ ਕਰ ਦਿੱਤਾ ਜਾਵੇਗਾ ਅਤੇ ਜਥੇਬੰਦੀ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਾਰੇ ਸੂਬਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਲਿਖਤੀ ਪੱਤਰ ਜਾਰੀ ਨਹੀਂ ਕਰਦੀ, ਓਨਾ ਚਿਰ ਕਾਲਜਾਂ ’ਚ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਇਹ ਵੀ ਪੜ੍ਹੋ : ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਕੀਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ : ਸੁਖਬੀਰ ਬਾਦਲ
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ’ਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਨੂੰ ਲੈ ਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ ਅਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਮੈਂਬਰ ਸਾਹਿਬਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਮਿਲਣ ਲਈ ਪਹੁੰਚੇ ਸਨ। ਸਾਰਾ ਦਿਨ ਖੱਜਲ-ਖੁਆਰੀ ਹੋਣ ਤੇ ਪੂਰੀ ਗਹਿਮਾ-ਗਹਿਮੀ ਤੋਂ ਬਾਅਦ ਵੀ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਨਹੀਂ ਹੋ ਸਕੀ। ਇਸ ਸਮੇਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਨੇ ਮੁਹਾਲੀ ਵਿਖੇ ਸਕੱਤਰ ਉਚੇਰੀ ਸਿੱਖਿਆ ਪੰਜਾਬ ਦੇ ਦਫਤਰ ਨੂੰ ਘੇਰ ਕੇ ਧਰਨਾ ਪ੍ਰਦਰਸ਼ਨ ਕਰਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਸਕੱਤਰ ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਪੁਲਸ ਪ੍ਰਸ਼ਾਸਨ ਰਾਹੀਂ ਜਥੇਬੰਦੀ ਨੂੰ 15 ਨਵੰਬਰ ਨੂੰ ਸਕੱਤਰ ਦਫਤਰ ਮੁਹਾਲੀ ਵਿਖੇ ਵਿਭਾਗੀ ਮੀਟਿੰਗ ਲਈ ਸ਼ਾਮ 4 ਵਜੇ ਦਾ ਸਮਾਂ ਦਿੱਤਾ। ਇਸ ਮੌਕੇ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ, ਪ੍ਰੋ ਲਖਵਿੰਦਰ ਸਿੰਘ ਨਾਭਾ, ਪ੍ਰੋ. ਨਰਿੰਦਰ ਸਿੰਘ ਨਾਭਾ, ਪ੍ਰੋ. ਹੁਕਮ ਚੰਦ ਪਟਿਆਲਾ, ਪ੍ਰੋ. ਧਰਮਜੀਤ ਮਾਨ ਜਲਵੇੜਾ ਅਤੇ ਕਈ ਹੋਰ ਮੈਂਬਰ ਹਾਜ਼ਰ ਸਨ।
ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਕੀਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ : ਸੁਖਬੀਰ ਬਾਦਲ
NEXT STORY