ਮਾਛੀਵਾੜਾ ਸਾਹਿਬ (ਟੱਕਰ) : ਇਜ਼ਰਾਇਲ ਤੇ ਇਰਾਨ ਦੀ ਜੰਗ ਤੋਂ ਬਾਅਦ ਐੱਲ.ਪੀ.ਜੀ. ਗੈਸ ਦੀ ਕਮੀ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਸਿਲੰਡਰ ਬੁਕਿੰਗ ਤੋਂ 45 ਦਿਨ ਬਾਅਦ ਮਿਲੇਗਾ। ਜਿੱਥੇ ਲੋਕ ਆਪਣੇ ਘਰਾਂ ਦਾ ਚੁੱਲ੍ਹਾ ਬਾਲਣ ਲਈ ਗੈਸ ਸਿਲੰਡਰ ਲਈ ਜੱਦੋ-ਜਹਿਦ ਕਰ ਰਹੇ ਹਨ ਉੱਥੇ ਬਜ਼ਾਰ ਵਿਚ ਵੀ ਐੱਲਪੀਜੀ ਗੈਸ ਦੀ ਕਮੀ ਕਾਰਨ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਲੋਕਾਂ ਦੀ ਰੋਜ਼ ਵਰਤੋਂ ਵਾਲਾ ਚਾਹ ਦਾ ਕੱਪ ਹੁਣ ਬਜ਼ਾਰ ਵਿਚ 5 ਰੁਪਏ ਮਹਿੰਗਾ ਹੋ ਗਿਆ ਹੈ। ਵੱਡੇ ਹਲਵਾਈ ਤੋਂ ਲੈ ਕੇ ਛੋਟਾ ਖੋਖਾ ਲਗਾ ਕੇ ਬੈਠਾ ਚਾਹ ਵਾਲਾ ਵੀ ਗੈਸ ਦੀ ਕਮੀ ਨੂੰ ਦੇਖਦਿਆਂ ਚਾਹ ਦਾ ਕੱਪ ਜੋ ਪਹਿਲਾਂ 10 ਰੁਪਏ ਦਾ ਮਿਲਦਾ ਸੀ ਉਹ 15 ਰੁਪਏ ਦਾ ਕਰ ਦਿੱਤਾ ਹੈ। ਇੱਥੋਂ ਤੱਕ ਵੱਡੇ ਹਲਵਾਈਆਂ ਦੀ ਦੁਕਾਨ ’ਤੇ ਜੋ ਚਾਹ ਦਾ ਕੱਪ 15 ਰੁਪਏ ਸੀ ਉਹ 20 ਰੁਪਏ ਕਰ ਦਿੱਤਾ ਹੈ। ਹੋਰ ਤਾਂ ਹੋਰ ਰੈਸਟੋਰੈਟਾਂ ਅਤੇ ਛੋਟੇ ਹਲਵਾਈਆਂ ਦੀ ਦੁਕਾਨ ’ਤੇ ਕਾਫ਼ੀ ਤੇ ਦੁੱਧ ਕੱਪ ਰੇਟਾਂ ਵਿਚ ਵੀ ਵਾਧਾ ਕਰ ਦਿੱਤਾ ਹੈ। ਚਾਹ ਦੀ ਛੋਟੀ ਜਿਹੀ ਦੁਕਾਨ ਚਲਾਉਂਦੇ ਮਦਨ ਲਾਲ ਬਿੱਟੂ ਨੇ ਦੱਸਿਆ ਕਿ ਗੈਸ ਸਿਲੰਡਰ ਮਿਲ ਨਹੀਂ ਰਿਹਾ ਅਤੇ ਹੁਣ ਉਹ ਕੋਈ ਹੋਰ ਵਸੀਲੇ ਵਰਤ ਕੇ ਚਾਹ ਤਿਆਰ ਕਰਕੇ ਗ੍ਰਾਹਕਾਂ ਨੂੰ ਦੇ ਰਿਹਾ ਹੈ ਪਰ ਮਜ਼ਬੂਰਨ ਉਸ ਨੂੰ 5 ਰੁਪਏ ਪ੍ਰਤੀ ਕੱਪ ਵਾਧਾ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਜੇਕਰ ਗੈਸ ਸਿਲੰਡਰ ਮਿਲਣੇ ਬੰਦ ਹੋ ਗਏ ਤਾਂ ਉਨ੍ਹਾਂ ਨੂੰ ਆਪਣੀ ਚਾਹ ਦੀ ਛੋਟੀ ਜਿਹੀ ਦੁਕਾਨ ਵੀ ਬੰਦ ਕਰਨੀ ਪਵੇਗੀ ਅਤੇ ਉਹ ਬੇਰੋਜ਼ਗਾਰ ਹੋ ਜਾਵੇਗਾ। ਇਸ ਤੋਂ ਇਲਾਵਾ ਹਲਵਾਈ ਦੀ ਦੁਕਾਨ ਕਰਨ ਵਾਲੇ ਸ਼ੰਮੀ ਕੁਮਾਰ ਨੇ ਵੀ ਕਿਹਾ ਕਿ ਉਹ ਐੱਲਪੀਜੀ ਗੈਸ ਦੀ ਕਮੀ ਕਾਰਨ ਹੁਣ ਮਜ਼ਬੂਰਨ ਡੀਜ਼ਲ ਭੱਠੀ ਦੀ ਵਰਤੋ ਕਰ ਰਹੇ ਹਨ ਜਿਸ ਨਾਲ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨੀਆਂ ਮਹਿੰਗੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਗੈਸ ਦੀ ਕਮੀ ਨਿਰੰਤਰ ਜਾਰੀ ਰਹੀ ਤਾਂ ਆਉਣ ਵਾਲੇ ਕੁਝ ਦਿਨਾਂ ਵਿਚ ਵੀ ਹਲਵਾਈਆਂ ਦੀਆਂ ਦੁਕਾਨਾਂ ’ਤੇ ਤਿਆਰ ਹੋਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵੀ ਵਧ ਜਾਣਗੇ।
ਬਜ਼ਾਰ ਵਿਚ ਬਿਜਲੀ ਚੁੱਲ੍ਹਿਆਂ ਦੀ ਮੰਗ ਵਧੀ
ਐੱਲ.ਪੀ.ਜੀ. ਗੈਸ ਦੀ ਕਮੀ ਕਾਰਨ ਹਰੇਕ ਵਰਗ ਨੂੰ ਆਪਣੇ ਘਰ ਦਾ ਚੁੱਲ੍ਹਾ ਬਾਲਣਾ ਔਖਾ ਹੋਇਆ ਪਿਆ ਹੈ। ਲੋਕਾਂ ਵਲੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਬਜ਼ਾਰਾਂ ਵਿਚ ਜਾ ਕੇ ਬਿਜਲੀ ਚੁੱਲ੍ਹੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰ ਰਿੰਟੂ ਜੁਨੇਜਾ ਨੇ ਦੱਸਿਆ ਕਿ ਬਿਜਲੀ ਚੁੱਲ੍ਹਿਆਂ ਦੀ ਮੰਗ ਬਹੁਤ ਵਧ ਗਈ ਹੈ ਅਤੇ ਪਿੱਛੋਂ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਲੋਕ ਇਸ ਦੀ ਖਰੀਦਦਾਰੀ ਲਈ ਵੀ ਪ੍ਰੇਸ਼ਾਨ ਹੋ ਰਹੇ ਹਨ। ਹੋਰ ਤਾਂ ਹੋਰ ਪਿੱਛੋਂ ਬਿਜਲੀ ਚੁੱਲ੍ਹਾ ਬਣਾਉਣ ਵਾਲੀਆਂ ਕੰਪਨੀਆਂ ਨੇ ਰੇਟ ਵਧਾ ਦਿੱਤੇ ਹਨ ਜਿਸ ਕਾਰਨ ਇਹ ਬਜ਼ਾਰ ਵਿਚ ਪਹਿਲਾਂ ਨਾਲੋਂ ਮਹਿੰਗਾ ਮਿਲਦਾ ਹੈ।
ਪੰਜਾਬ ਵਿਧਾਨ ਸਭਾ 'ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ ਨੇ ਕੀਤੀ ਨਿਰਪੱਖ ਜਾਂਚ ਦੀ ਮੰਗ
NEXT STORY