ਬਟਾਲਾ (ਬੇਰੀ)— ਪਿੰਡ ਚੋਲਚੱਕ 'ਚ ਜ਼ਮੀਨੀ ਵਿਵਾਦ 'ਚ ਗੋਲੀ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਚਰਨਜੀਤ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਚੋਲਚੱਕ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦੇ ਨਾਲ ਪਿੰਡ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਚਰਨਜੀਤ ਸਿੰਘ ਨੇ 4 ਕਿੱਲੇ ਜ਼ਮੀਨ ਖਰੀਦੀ ਹੈ ਅਤੇ ਉਸ ਦੇ ਨਾਲ ਜ਼ਮੀਨ ਨੂੰ ਜਾਂਦੇ ਰਸਤੇ ਦਾ ਝਗੜਾ ਚੱਲਦਾ ਆ ਰਿਹਾ ਹੈ। ਚਰਨਜੀਤ ਕੌਰ ਅਨੁਸਾਰ ਬੀਤੀ ਦੇਰ ਸ਼ਾਮ ਸਾਢੇ 7 ਵਜੇ ਦੇ ਕਰੀਬ ਸੁਖੇਦਵ ਸਿੰਘ ਆਪਣੇ ਦੋਵਾਂ ਪੁੱਤਰਾਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਦੇ ਨਾਲ ਟਰੈਕਟਰ 'ਤੇ ਆਇਆ ਅਤੇ ਉਕਤਾਨ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਏ।
ਉਸ ਨੇ ਦੱਸਿਆ ਕਿ ਜਦ ਉਸ ਦੇ ਪਤੀ ਗੁਰਮੇਜ ਸਿੰਘ ਨੇ ਉਕਤ ਲੋਕਾਂ ਨੂੰ ਗਾਲੀ-ਗਲੋਚ ਕਰਨ ਤੋਂ ਮਨ੍ਹਾ ਕੀਤਾ ਤਾਂ ਉਕਤ ਵਿਅਕਤੀਆਂ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਤੀ ਗੁਰਮੇਜ ਸਿੰਘ 'ਤੇ ਗੋਲੀਆਂ ਚੱਲਾ ਦਿੱਤੀਆਂ ਜੋ ਉਨ੍ਹਾਂ ਦੇ ਪੇਟ 'ਚ ਲੱਗੀਆਂ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਚਰਨਜੀਤ ਕੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਉਸ ਨੇ ਆਪਣੇ ਪਤੀ ਨੂੰ ਪਹਿਲਾਂ ਹਰਚੋਵਾਲ ਹਸਪਤਾਲ ਵਿਖੇ ਲਿਜਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਅਤੇ ਬਾਅਦ 'ਚ ਉਸ ਦੇ ਪਤੀ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਕਤ ਮਾਮਲੇ ਸੰਬੰਧੀ ਐੱਸ. ਆਈ. ਜਤਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਘੁਮਾਣ 'ਚ ਬਣਦੀਆਂ ਧਾਰਾਵਾਂ ਤਹਿਤ ਪਿਓ-ਪੁੱਤਾਂ ਸਮੇਤ ਦੋ ਅਣਪਛਾਤਿਆਂ ਦੇ ਵਿਰੁੱਧ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਦਿੱਤਾ ਹੈ।
ਜਾਨ ਜੋਖਮ 'ਚ ਪਾ ਕੇ ਛੱਪੜਾਂ ਦੀ ਸਫਾਈ ਕਰ ਰਹੇ ਨੇ ਮਨਰੇਗਾ ਮਜ਼ਦੂਰ
NEXT STORY