ਫਿਰੋਜ਼ਪੁਰ (ਪਰਮਜੀਤ ਸੋਢੀ) : ਸ਼ਹਿਰ ਵਿੱਚ ਬੀਤੀ ਦੇਰ ਸ਼ਾਮ ਇੱਕ ਵਾਰ ਫਿਰ ਮਾਮੂਲੀ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੌਰਾਨ ਗੋਲੀਆਂ ਚੱਲਣ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਪਹੁੰਚਣ ਉਪਰੰਤ ਵੀ ਵਿਰੋਧੀ ਧਿਰ ਵੱਲੋਂ ਗੁੰਡਾਗਰਦੀ ਜਾਰੀ ਰਹੀ ਅਤੇ ਇੱਟਾਂ-ਰੋੜਿਆਂ ਨਾਲ ਖੁੱਲ੍ਹ ਕੇ ਹਮਲਾ ਕਰਦਿਆਂ ਹਸਪਤਾਲ ਦਾ ਵੀ ਕਾਫੀ ਨੁਕਸਾਨ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਬਗਦਾਦੀ ਗੇਟ ਨੇੜੇ ਦੁਪਹਿਰ ਸਮੇਂ ਮਾਮੂਲੀ ਜਿਹੀ ਤਕਰਾਰ ਹੋਈ, ਜੋ ਸ਼ਾਮ ਨੂੰ ਵੱਡੇ ਟਕਰਾਅ ਵਿੱਚ ਤਬਦੀਲ ਹੋ ਗਈ।
ਇਸ ਦੌਰਾਨ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ। ਗੋਲੀ ਨਾਲ ਜ਼ਖ਼ਮੀ ਹੋਏ ਲਵ ਪੁੱਤਰ ਜੈਕੀ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਭਰਾ ਨਾਲ ਬਗਦਾਦੀ ਗੇਟ ਕੋਲੋਂ ਲੰਘ ਰਿਹਾ ਸੀ, ਜਦੋਂ ਦੂਜੀ ਧਿਰ ਨਾਲ ਮਾਮੂਲੀ ਜਿਹੀ ਗੱਲ ਤੋਂ ਤਕਰਾਰ ਹੋਈ। ਸ਼ਾਮ ਦੇ ਸਮੇਂ 10 ਤੋਂ 15 ਨੌਜਵਾਨ ਦਾਣਾ ਮੰਡੀ ਦੇ ਵਿੱਚ ਉਨ੍ਹਾਂ ਕੋਲ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਲਵ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਪਰ ਇੱਥੇ ਵੀ ਵਿਰੋਧੀ ਧਿਰ ਵੱਲੋਂ ਸ਼ੋਰ-ਸ਼ਰਾਬਾ ਕਰਦਿਆਂ ਇੱਟਾਂ-ਰੋੜੇ ਚਲਾਏ ਗਏ ਅਤੇ ਹਸਪਤਾਲ ਦੇ ਸ਼ੀਸ਼ਿਆਂ ਸਮੇਤ ਹੋਰ ਕਾਫੀ ਨੁਕਸਾਨ ਪਹੁੰਚਾਇਆ ਗਿਆ।
ਸਿਵਲ ਹਸਪਤਾਲ ਦੇ ਡਾਕਟਰ ਕਾਰਜ ਸਿੰਘ ਨੇ ਦੱਸਿਆ ਕਿ ਲਵ ਨਾਂ ਦਾ ਨੌਜਵਾਨ ਗੰਨ ਸ਼ਾਟ ਨਾਲ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦੇ ਗਏ। ਉਨ੍ਹਾਂ ਦੇ ਪਿੱਛੇ ਹੀ ਦੂਜੀ ਧਿਰ ਦੇ 10 ਤੋਂ 15 ਨੌਜਵਾਨ ਹਸਪਤਾਲ ਪਹੁੰਚੇ, ਜਿਨ੍ਹਾਂ ਵੱਲੋਂ ਇੱਟਾਂ-ਰੋੜਿਆਂ ਨਾਲ ਹਮਲਾ ਕਰਦਿਆਂ ਮੁੱਖ ਗੇਟ, ਸ਼ੀਸ਼ਿਆਂ ਅਤੇ ਹੋਰ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ। ਇਸ ਸਬੰਧੀ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਸਿਟੀ ਥਾਣਾ ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਸ਼ਿਕਾਇਤ ਕਰਤਾ ਤੇ ਬਿਆਨ ਲੈਣ ਲਈ ਫਰੀਦਕੋਟ ਜਾ ਰਹੇ ਹਨ ਅਤੇ ਉਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਚ ਇਕ ਹੋਰ ਵੱਡੀ ਵਾਰਦਾਤ, ਸੜਕ 'ਤੇ ਘੇਰ ਕੇ ਮੁੰਡੇ ਨੂੰ ਮਾਰੀਆਂ ਗੋਲੀਆਂ
NEXT STORY