ਹਰਚੋਵਾਲ/ਗੁਰਦਾਸਪੁਰ/ਬਟਾਲਾ,(ਵਿਨੋਦ, ਬੇਰੀ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਅੱਤਵਾਦੀਆਂ ਨਾਲ ਲੋਹਾਂ ਲੈਂਦਿਆਂ ਬੀਤੇ ਦਿਨ ਹਰਚੋਵਾਲ ਦਾ ਜਵਾਨ ਗੁਰਚਰਨ ਸਿੰਘ ਸ਼ਹੀਦ ਗਿਆ ਸੀ। ਇਸ ਮੁਕਾਬਲੇ 'ਚ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ ਦੇ 5 ਅੱਤਵਾਦੀ ਵੀ ਢੇਰ ਹੋ ਗਏ ਸਨ। ਗੁਰਚਰਨ ਸਿੰਘ ਅੱਤਵਾਦੀਆਂ ਨਾਲ ਜਬਰਦਸ਼ਤ ਮੁਕਾਬਲਾ ਕਰਦਾ ਰਿਹਾ ਪਰ ਇਕ ਅੱਤਵਾਦੀ ਜੋ ਕਿ ਲੁਕਿਆ ਹੋਇਆ ਸੀ, ਨੇ ਉਸ ਦੀ ਛਾਤੀ 'ਚ ਗੋਲੀ ਮਾਰ ਦਿੱਤੀ। ਉਸ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਖਮੀ ਹਾਲਤ 'ਚ ਵੀ ਅੱਤਵਾਦੀਆਂ ਨਾਲ ਮੁਕਾਬਲਾ ਕਰਦਾ ਰਿਹਾ ਪਰ ਅੰਤ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਸ਼ਹੀਦ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਹੀਦ ਗੁਰਚਰਨ ਸਿੰਘ ਉਰਫ ਸੋਨੂੰ ਪੁੱਤਰ ਸੁਰਿੰਦਰ ਸਿੰਘ ਵਾਸੀ ਹਰਚੋਵਾਲ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ 17 ਸਾਲ ਦੀ ਉਮਰ 'ਚ ਹੀ ਦੇਸ਼ ਦੀ ਸੇਵਾ ਕਰਨ ਦਾ ਜ਼ਜਬਾ ਲੈ ਕੇ ਭਾਰਤੀ ਫੌਜ 'ਚ ਭਰਤੀ ਹੋਇਆ ਸੀ। ਗੁਰਚਰਨ ਸਿੰਘ ਦਾ ਵਿਆਹ ਰਣਜੀਤ ਕੌਰ ਨਾਲ ਹੋਇਆ ਸੀ। ਉਸ ਦਾ ਇਕ ਪੁੱਤਰ ਅਗਮਦੀਪ ਸਿੰਘ ਅਤੇ ਇਕ ਲੜਕੀ ਜਮਜੋਤਦੀਪ ਕੌਰ ਹੈ।
ਇਸ ਸਬੰਧੀ ਜਦ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਗੁਰਚਰਨ ਸਿੰਘ ਦਾ ਫੋਨ ਆਇਆ ਸੀ ਕਿ ਬੱਚਿਆਂ ਦੀਆਂ ਫੋਟੋ ਫੋਨ 'ਤੇ ਭੇਜੋ ਪਰ ਉਸ ਨੂੰ ਨਹੀਂ ਸੀ ਪਤਾ ਕਿ ਸਵੇਰੇ ਸਦਾ ਵਾਸਤੇ ਦੁਨੀਆਂ ਅਲਵਿਦਾ ਕਹਿ ਕੇ ਵੱਖਰੀ ਦੁਨੀਆਂ 'ਚ ਚਲੇ ਜਾਣਾ ਹੈ। ਦੂਜੇ ਪਾਸੇ ਅੱਜ ਦੁਪਹਿਰ ਬਾਅਦ ਸ਼ਹੀਦ ਗੁਰਚਰਨ ਸਿੰਘ ਦੀ ਲਾਸ਼ ਪਿੰਡ 'ਚ ਜਿਵੇਂ ਹੀ ਫੌਜ ਦੇ ਅਧਿਕਾਰੀ ਲੈ ਕੇ ਆਏ ਤਾਂ ਹਰਚੋਵਾਲ ਕਸਬੇ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਕਸਬੇ ਦੇ ਲੋਕ ਪਹੁੰਚੇ। ਸ਼ਮਸ਼ਾਨਘਾਟ 'ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ। ਫੌਜ ਦੇ ਅਧਿਕਾਰੀਆਂ ਨੇ ਸ਼ਹੀਦ ਦੀ ਲਾਸ਼ 'ਤੇ ਪਾਇਆ ਰਾਸ਼ਟਰੀ ਝੰਡਾ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਡੀ. ਐੱਸ. ਪੀ. ਸੰਜੀਵ ਕੁਮਾਰ, ਪੁਲਸ ਸਟੇਸ਼ਨ ਇੰਚਾਰਜ ਬਲਕਾਰ ਸਿੰਘ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
ਫਾਜ਼ਿਲਕਾ ਜ਼ਿਲੇ 'ਚ ਮਹਿਲਾ ਸਮੇਤ 2 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
NEXT STORY