ਗੁਰਦਾਸਪੁਰ (ਹਰਮਨਪ੍ਰੀਤ) : ਲੋਕ ਸਭਾ ਚੋਣਾਂ ਸਿਰ 'ਤੇ ਹੋਣ ਦੇ ਬਾਵਜੂਦ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਤਿੰਨ ਹਲਕੇ ਅਕਾਲੀ ਦਲ ਦੇ ਇੰਚਾਰਜਾਂ ਤੋਂ ਸੱਖਣੇ ਹਨ, ਜਿਥੇ ਪੁਰਾਣੇ ਇੰਚਾਰਜਾਂ ਦੀ ਗੈਰ-ਮੌਜੂਦਗੀ ਤੋਂ ਬਾਅਦ ਇਸ ਹਲਕੇ ਦੀ ਵਾਗਡੋਰ ਸੰਭਾਲਣ ਵਾਲਿਆਂ ਦੀ ਸਥਿਤੀ ਇਕ ਅਨਾਰ ਸੌ ਬੀਮਾਰ ਵਾਲੀ ਬਣੀ ਹੋਈ ਹੈ। ਖਾਸ ਤੌਰ 'ਤੇ ਸੁੱਚਾ ਸਿੰਘ ਲੰਗਾਹ ਤੇ ਸੇਵਾ ਸਿੰਘ ਸੇਖਵਾਂ ਦੀ ਜਗ੍ਹਾ ਲੈਣ ਲਈ ਉਨ੍ਹਾਂ ਦੇ ਹਲਕਿਆਂ ਦੇ ਕਈ ਆਗੂ ਪੱਬਾਂ-ਭਾਰ ਹੋਏ ਪਏ ਹਨ। ਅਜਿਹੀ ਸਥਿਤੀ ਵਿਚ ਇਨ੍ਹਾਂ ਹਲਕਿਆਂ ਅੰਦਰ ਦਾਅਵੇਦਾਰਾਂ ਦੀ ਲੰਬੀ ਹੁੰਦੀ ਜਾ ਰਹੀ ਸੂਚੀ ਨੂੰ ਦੇਖਦਿਆਂ ਹੁਣ ਤੱਕ ਤਾਂ ਪਾਰਟੀ ਹਾਈਕਮਾਨ ਨੇ ਸਮਾਂ ਟਪਾਉਣ ਵਾਲੀ ਨੀਤੀ ਹੀ ਅਖਤਿਆਰ ਕੀਤੀ ਹੋਈ ਸੀ, ਤਾਂ ਜੋ ਕੋਈ ਹੋਰ ਆਗੂ ਨਾਰਾਜ਼ ਹੋ ਕੇ ਪਾਰਟੀ ਤੋਂ ਬਾਗੀ ਨਾ ਹੋ ਸਕੇ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤਾਂ ਇਨ੍ਹਾਂ ਹਲਕਿਆਂ ਨੂੰ ਬਿਨਾਂ ਮਲਾਹ ਵਾਲੀ ਬੇੜੀ ਬਣਨ ਤੋਂ ਬਚਾਉਣ ਲਈ ਅਕਾਲੀ ਲੀਡਰਸ਼ਿਪ ਵੱਲੋਂ ਇਨ੍ਹਾਂ ਤਿੰਨਾਂ ਹਲਕਿਆਂ ਅੰਦਰ 5-5 ਮੈਂਬਰੀ ਕਮੇਟੀਆਂ ਬਣਾ ਕੇ ਚੋਣਾਂ ਦਾ ਸਮਾਂ ਲੰਘਾਉਣ ਦੀ ਵਿਚਾਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਅੰਦਰ ਹਲਕਾ ਡੇਰਾ ਬਾਬਾ ਬਾਬਾ ਨਾਨਕ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ ਹਲਕੇ ਇੰਚਾਰਜਾਂ ਤੋਂ ਸੱਖਣੇ ਹਨ ਕਿਉਂਕਿ ਡੇਰਾ ਬਾਬਾ ਨਾਨਕ 'ਚ ਚੋਣ ਲੜਦੇ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਜੇ ਤੱਕ ਪਾਰਟੀ 'ਚ ਵਾਪਸੀ ਨਹੀਂ ਹੋਈ। ਜਿਨ੍ਹਾਂ ਦੇ ਬਾਅਦ ਹਲਕਾ ਕਾਦੀਆਂ ਅੰਦਰ ਸੇਵਾ ਸਿੰਘ ਸੇਖਵਾਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਜਾ ਚੁੱਕੇ ਹਨ। ਇਸੇ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਹਰਗੋਬਿੰਦਪੁਰ ਤੋਂ ਦੇਸ ਰਾਜ ਧੁੱਗਾ ਦੀ ਟਿਕਟ ਕੱਟ ਕੇ ਮਨਜੀਤ ਸਿੰਘ ਮੰਨਾ ਨੂੰ ਦੇ ਦਿੱਤੀ ਗਈ ਸੀ ਪਰ ਚੋਣ ਹਾਰਨ ਦੇ ਬਾਅਦ ਮੰਨਾ ਨੇ ਇਸ ਹਲਕੇ ਵੱਲ ਮੁੜ ਕੇ ਨਹੀਂ ਦੇਖਿਆ। ਜਿਸ ਕਾਰਨ ਹੁਣ ਇਹ ਹਲਕਾ ਇਕ ਤਰ੍ਹਾਂ ਨਾਲ ਲਾਵਾਰਸ ਹੀ ਪਿਆ ਹੋਇਆ ਹੈ, ਜਿਥੇ ਮੁੜ ਕੁਝ ਆਗੂ ਇਸ ਵਾਰ ਆਪਣੀ-ਆਪਣੀ ਦਾਅਵੇਦਾਰੀ ਪੱਕੀ ਕਰਨ 'ਚ ਲੱਗੇ ਹੋਏ ਹਨ।
ਡੇਰਾ ਬਾਬਾ ਨਾਨਕ 'ਚ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਆਪਣੇ ਸਮੁੱਚੇ ਧੜੇ ਨੂੰ ਨਾਲ ਲੈ ਕੇ ਹਲਕੇ 'ਚ ਵਿਚਰ ਰਹੇ ਹਨ, ਜਿਨ੍ਹਾਂ ਵੱਲੋਂ ਪਿੰਡਾਂ ਅੰਦਰ ਆਪਣੇ ਵੋਟ ਬੈਂਕ ਨੂੰ ਬਣਾਈ ਰੱਖਣ ਲਈ ਲਗਾਤਾਰ ਮੀਟਿੰਗਾਂ ਤੇ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਇੰਦਰਜੀਤ ਸਿੰਘ ਰੰਧਾਵਾ ਵੀ ਇਸ ਹਲਕੇ ਅੰਦਰ ਪੂਰੀ ਸਰਗਰਮੀ ਦਿਖਾ ਰਹੇ ਹਨ। ਜਿਨ੍ਹਾਂ ਤੋਂ ਇਲਾਵਾ ਕੁਝ ਹੋਰ ਆਗੂ ਵੀ ਇਸ ਹਲਕੇ ਅੰਦਰ ਚੋਣ ਲੜਨ ਦਾ ਸੁਪਨਾ ਦੇਖ ਰਹੇ ਹਨ ਪਰ ਹੁਣ ਜਦੋਂ ਚੋਣਾਂ ਸਿਰ 'ਤੇ ਹਨ ਤਾਂ ਪਾਰਟੀ ਅਜੇ ਤੱਕ ਰਸਮੀ ਤੌਰ 'ਤੇ ਕਿਸੇ ਵੀ ਇਕ ਆਗੂ ਨੂੰ ਇਸ ਹਲਕੇ ਦਾ ਇੰਚਾਰਜ ਨਿਯੁਕਤ ਨਹੀਂ ਕਰ ਸਕੀ।
ਹਲਕਾ ਕਾਦੀਆਂ 'ਚ ਸੇਖਵਾਂ ਦੇ ਬਾਅਦ ਕਈ ਆਗੂ ਇਸ ਹਲਕੇ ਦੀ ਵਾਗਡੋਰ ਸੰਭਾਲਣ ਲਈ ਹੱਥ-ਪੈਰ ਮਾਰ ਰਹੇ ਹਨ। ਹੁਣ ਤੱਕ ਜ਼ਿਲਾ ਗੁਰਦਾਸਪੁਰ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਵੀ ਇਨ੍ਹਾਂ ਹਲਕਿਆਂ 'ਚ ਪਾਰਟੀ ਦੇ ਵਰਕਰਾਂ ਦਾ ਮਨੋਬਲ ਉੱਚਾ ਚੁੱਕਣ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਕੁਝ ਆਗੂਆਂ ਦੀਆਂ ਆਪਸੀ ਸੁਰਾਂ ਨਾ ਮਿਲਣ ਕਾਰਨ ਹਾਲ ਦੀ ਘੜੀ ਪਾਰਟੀ ਇਨ੍ਹਾਂ ਹਲਕਿਆਂ 'ਚ ਕਿਸੇ ਇਕ ਆਗੂ ਨੂੰ ਸਾਰੀ ਜ਼ਿੰਮੇਵਾਰੀ ਦੇ ਕੇ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਜਾਂ ਬਗਾਵਤ ਹੋਣ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸ ਲਈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਇਕ-ਦੋ ਦਿਨਾਂ ਦੌਰਾਨ ਹੀ ਪਾਰਟੀ ਵੱਲੋਂ ਇਨ੍ਹਾਂ ਤਿੰਨਾਂ ਹਲਕਿਆਂ ਅੰਦਰ 5-5 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾ ਸਕਦਾ ਹੈ, ਤਾਂ ਜੋ ਕਮੇਟੀ ਵਿਚ ਪ੍ਰਮੁੱਖ ਦਾਅਵੇਦਾਰਾਂ ਨੂੰ ਸ਼ਾਮਲ ਕਰ ਕੇ ਗਠਜੋੜ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਵਾਇਆ ਜਾ ਸਕੇ।
ਦੀਨਾਨਗਰ 'ਚ ਭਾਜਪਾ ਲਈ ਚੁਣੌਤੀ
ਵਿਧਾਨ ਸਭਾ ਹਲਕਾ ਦੀਨਾਨਗਰ ਵੀ ਇਕ ਤਰ੍ਹਾਂ ਨਾਲ ਭਾਜਪਾ ਇੰਚਾਰਜ ਤੋਂ ਸੱਖਣਾ ਹੀ ਹੈ, ਜਿਥੇ ਇੰਚਾਰਜ ਲੱਗਣ ਲਈ ਭਾਜਪਾ ਦੇ ਅੱਧੀ ਦਰਜਨ ਦੇ ਕਰੀਬ ਆਗੂ ਸੁਪਨਾ ਦੇਖ ਰਹੇ ਹਨ। ਇਸ ਹਲਕੇ ਅੰਦਰ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੀ ਆਪਸੀ ਫੁੱਟ ਵੀ ਹਲਕੇ 'ਚ ਗਠਜੋੜ ਦੇ ਉਮੀਦਵਾਰ ਲਈ ਨੁਕਸਾਨਦੇਹ ਸਿੱਧ ਹੁੰਦੀ ਰਹੀ ਸੀ। ਹੁਣ ਇਸ ਵਾਰ ਵੀ ਅਜੇ ਤੱਕ ਇਸ ਹਲਕੇ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ ਅਤੇ ਸਾਰੇ ਹੀ ਆਗੂ ਆਪਣਾ-ਆਪਣਾ ਜ਼ੋਰ ਲਾ ਰਹੇ ਹਨ।
ਪੈਸੇ ਡਬਲ ਕਰਨ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ (ਵੀਡੀਓ)
NEXT STORY