ਗੁਰਦਾਸਪੁਰ (ਵਿਨੋਦ) - ਜ਼ਿਲਾ ਗੁਰਦਾਸਪੁਰ ਦੀ ਪੁਲਸ ਨੇ 1 ਰਿਵਾਲਵਰ, 2 ਕਾਰਤੂਸ ਤੇ 380 ਨਸ਼ੀਲੀਆਂ ਗੋਲੀਆਂ ਸਣੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜੋ ਪੁਲਸ ਪਾਰਟੀ 'ਤੇ ਫਾਈਰਿੰਗ ਕਰਕੇ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਸ਼ੀ ਖਿਲਾਫ ਪਹਿਲਾਂ ਤੋਂ ਹੀ ਵੱਖ-ਵੱਖ ਅਦਾਲਤਾਂ 'ਚ 28 ਕੇਸ ਲੁੱਟ-ਮਾਰ, ਚੋਰੀ ਅਤੇ ਹੋਰ ਲੜਾਈ ਝਗੜਿਆਂ ਦੇ ਚਲ ਰਹੇ ਹਨ ਅਤੇ ਉਹ 8 ਕੇਸਾਂ 'ਚ ਭਗੌੜਾ ਘੋਸ਼ਿਤ ਵੀ ਕੀਤਾ ਜਾ ਚੁੱਕਾ ਹੈ। ਐੱਸ.ਪੀ. ਹਰਵਿੰਦਰ ਸਿੰਘ ਡਕੈਟਿਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਦਮਾਸ਼ ਜੋਬਿਨ ਮਸੀਹ ਪੁੱਤਰ ਗੁਲਜ਼ਾਰ ਮਸੀਹ ਪਿਛਲੇ ਕਰੀਬ 20 ਸਾਲ ਤੋਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ। ਵਾਰ-ਵਾਰ ਗ੍ਰਿਫਤਾਰ ਕਰਨ ਦੇ ਬਾਵਜੂਦ ਉਹ ਜ਼ਮਾਨਤ 'ਤੇ ਬਾਹਰ ਆ ਕੇ ਫਿਰ ਮਾੜੇ ਕੰਮਾਂ 'ਚ ਪੈ ਜਾਂਦਾ ਸੀ।
ਜੋਬਿਨ ਮਸੀਹ ਪਿਛਲੇਂ 3 ਸਾਲਾਂ ਤੋਂ ਆਪਣੇ ਵਿਰੁੱਧ ਚੱਲ ਰਹੇ ਕੇਸਾਂ 'ਚ ਕਿਸੇ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ਼ ਅਮਨਦੀਪ ਸਿੰਘ ਪੁਲਸ ਪਾਰਟੀ ਨਾਲ ਪਿੰਡ ਖੁੰਡਾ ਪੁੱਲ ਨੇੜੇ ਖੜ੍ਹੇ ਸਨ ਕਿ ਉਨ੍ਹਾਂ ਨੇ ਧਾਰੀਵਾਲ ਵਲੋਂ ਇਕ ਡਿਜ਼ਾਈਰ ਕਾਰ ਪੀ.ਬੀ.18 ਐੱਫ 0770 ਆਉਂਦੀ ਦੇਖੀ। ਜਦੋਂ ਉਨ੍ਹਾਂ ਨੇ ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਉਸ ਨੂੰ ਤੇਜ਼ੀ ਨਾਲ ਪਿੰਡ ਖੁੰਡਾ ਵੱਲ ਲੈ ਗਿਆ। ਪੁਲਸ ਵਲੋਂ ਕਾਰ ਦਾ ਪਿੱਛਾ ਕਰਨ 'ਤੇ ਕਾਰ ਚਾਲਕ ਨੇ ਪੁਲਸ 'ਤੇ ਫਾਈਰਿੰਗ ਵੀ ਕੀਤੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਕਾਰ ਦੀ ਤਾਲਾਸ਼ੀ ਲੈਣ 'ਤੇ ਇੰਗਲੈਂਡ ਦਾ ਬਣਿਆ 32 ਬੋਰ ਦਾ ਪਿਸਤੌਲ, 2 ਜ਼ਿੰਦਾ ਕਾਰਤੂਸ ਤੇ 380 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਜੋਬਿਨ ਮਸੀਹ ਪੁੱਤਰ ਗੁਲਜ਼ਾਰ ਮਸੀਹ ਦੱਸਿਆ।
ਐੱਸ.ਪੀ ਨੇ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ 26 ਕੇਸ ਜ਼ਿਲਾ ਪੁਲਸ ਗੁਰਦਾਸਪੁਰ, ਇਕ ਜ਼ਿਲਾ ਹੁਸ਼ਿਆਰਪੁਰ, ਇਕ ਜ਼ਿਲਾ ਪੁਲਸ ਬਟਾਲਾ 'ਚ ਚਲ ਰਿਹਾ ਹੈ। ਦੋਸ਼ੀ ਨੇ ਬੀਤੇ ਕੁਝ ਦਿਨ ਪਹਿਲਾ ਹੀ ਬਟਾਲਾ ਤੋਂ ਵੱਡੀ ਮਾਤਰਾਂ 'ਚ ਦਾਲਾਂ ਵੀ ਇਕ ਟਰੱਕ ਤੋਂ ਜ਼ਬਰੀ ਖੋਹੀਆਂ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਪੁਲਸ ਕਰਮਚਾਰੀ ਇਸ ਦੀ ਮਦਦ ਕਰਦੇ ਸਨ ਅਤੇ ਜਦ ਵੀ ਇਸ ਨੂੰ ਫੜਨ ਈ ਛਾਪਾਮਾਰੀ ਕਰਨੀ ਹੁੰਦੀ ਸੀ ਤਾਂ ਉਹ ਪੁਲਸ ਕਰਮਚਾਰੀ ਇਸ ਨੂੰ ਪਹਿਲਾ ਹੀ ਸੂਚਿਤ ਕਰ ਦਿੰਦੇ ਹਨ। ਇਸ ਮੌਕੇ ਡੀ.ਐੱਸ.ਪੀ ਮਨਜੀਤ ਸਿੰਘ ਅਤੇ ਧਾਰੀਵਾਲ ਪੁਲਸ ਸਟੇਸਨ ਇੰਚਾਰਜ਼ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਬਟਾਲਾ ਫੈਕਟਰੀ ਧਮਾਕਾ, ਮਾਲਕਣ ਨੇ ਕਿਹਾ, 'ਸਾਡਾ ਸਭ ਕੁੱਝ ਉਜੜ ਗਿਆ' (ਵੀਡੀਓ)
NEXT STORY