ਗੁਰਦਾਸਪੁਰ (ਹਰਮਨ) : ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬ 'ਚ ਰੇਤ ਬੱਜਰੀ ਦੇ ਚਲ ਰਹੇ ਕਾਲੇ ਕਾਰੋਬਾਰ ਨੂੰ ਰੋਕਣ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਨਾ ਹੀ ਰੇਤ ਬੱਜਰੀ ਦੇ ਰੇਟ ਘੱਟ ਹੋਏ ਹਨ ਅਤੇ ਨਾ ਹੀ ਇਸ ਗੋਰਖਧੰਦੇ 'ਚ ਲੱਗੇ ਕਈ ਲੋਕ ਬੇਨਿਯਮੀਆਂ ਬੰਦ ਕਰ ਰਹੇ ਹਨ। ਪੁਲਸ ਵਲੋਂ ਦਰਜ ਕੀਤੇ ਮਾਮਲਿਆਂ 'ਚ ਬਹੁ-ਗਿਣਤੀ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਵੀ ਨਹੀਂ ਮਿਲੀਆਂ ਅਤੇ ਜ਼ਬਤ ਕੀਤੀ ਗਈ ਮਸ਼ੀਨਰੀ ਵੀ ਸਬੰਧਤ ਮਾਲਕਾਂ ਵਲੋਂ ਅਸਾਨੀ ਨਾਲ ਛੁਡਵਾ ਲਈ ਜਾਂਦੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕਈ ਜ਼ਿਲਿਆਂ 'ਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ ਕਿ ਟ੍ਰਾਂਸਪੋਰਟ ਅਧਿਕਾਰੀ, ਪੁਲਸ ਅਤੇ ਮਾਈਨਿੰਗ ਵਿਭਾਗ ਵਲੋਂ ਰੇਤ ਬੱਜਰੀ ਦੇ ਨਾਜਾਇਜ਼ ਕਾਰੋਬਾਰ ਨਾਲ ਜੁੜੀਆਂ ਟਰੈਕਟਰ-ਟਰਾਲੀਆਂ ਰੇਤ ਸਮੇਤ ਫੜੀਆਂ ਜਾਂਦੀਆਂ ਹਨ ਪਰ ਥਾਣੇ ਪਹੁੰਚਣ ਤੱਕ ਉਨ੍ਹਾਂ ਵਿਚਲੀ ਰੇਤ ਮਿਲੀਭੁਗਤ ਨਾਲ ਗਾਇਬ ਕਰ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਕਈ ਵਾਹਨ ਜ਼ਬਤ ਕਰ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ ਪਰ ਬਾਅਦ ਵਿਚ ਦੋਸ਼ੀ ਤਾਂ ਨਹੀਂ ਲੱਭੇ ਪਰ ਵਾਹਨਾਂ ਨੂੰ ਸਬੰਧਤ ਮਾਲਕ ਛੁਡਵਾ ਕੇ ਲੈ ਗਏ।
ਗੁਰਦਾਸਪੁਰ 'ਚ ਮਿੱਟੀ ਪੁੱਟਣ ਵਾਲੇ ਵੀ ਚੜ੍ਹੇ ਪੁਲਸ ਦੇ ਅੜਿੱਕੇ
ਸਾਲ-2019 ਦੌਰਾਨ ਹੁਣ ਤੱਕ ਪੁਲਸ ਜ਼ਿਲਾ ਗੁਰਦਾਸਪੁਰ ਨੇ ਵੱਖ-ਵੱਖ ਥਾਣਿਆਂ ਅੰਦਰ ਨਾਜਾਇਜ਼ ਮਾਈਨਿੰਗ ਤਹਿਤ 11 ਪਰਚੇ ਦਰਜ ਕੀਤੇ ਹਨ। ਇਨ੍ਹਾਂ 'ਚੋਂ 3 ਪਰਚੇ ਭੈਣੀ ਮੀਆਂ ਖਾਂ ਥਾਣੇ ਨਾਲ ਸਬੰਧਤ ਸਨ ਜਦਕਿ 2 ਪਰਚੇ ਦੀਨਾਨਗਰ ਥਾਣੇ 'ਚ, 1 ਪਰਚਾ ਧਾਰੀਵਾਲ ਥਾਣੇ 'ਚ, 3 ਪਰਚੇ ਦੋਰਾਂਗਲੇ ਥਾਣੇ 'ਚ, 1 ਪਰਚਾ ਤਿੱਬੜ ਅਤੇ 1 ਪਰਚਾ ਘੁੰਮਣ ਕਲਾਂ ਥਾਣੇ 'ਚ ਦਰਜ ਕੀਤਾ ਗਿਆ ਸੀ। ਇਸ ਜ਼ਿਲੇ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਵਾਲਾ ਮੁੱਖ ਸਥਾਨ ਥਾਣਾ ਭੈਣੀ ਮੀਆਂ ਖਾਂ ਅੰਦਰ ਹੋਣ ਕਾਰਣ ਇਸ ਥਾਣੇ 'ਚ ਤਾਂ ਰੇਤ ਦੀ ਮਾਈਨਿੰਗ ਨਾਲ ਸਬੰਧਤ ਪਰਚੇ ਦਰਜ ਹੋਏ ਸਨ ਪਰ ਬਾਕੀ ਦੇ ਥਾਣਿਆਂ 'ਚ ਜ਼ਿਆਦਾਤਰ ਪਰਚੇ ਮਿੱਟੀ ਦੀ ਪੁਟਾਈ ਨਾਲ ਸਬੰਧਤ ਹਨ।
ਕੁਝ ਦਿਨਾਂ ਬਾਅਦ ਹੀ ਛੁਡਵਾ ਲਏ ਜਾਂਦੇ ਹਨ ਜ਼ਬਤ ਕੀਤੇ ਵਾਹਨ
ਜਾਣਕਾਰੀ ਅਨੁਸਾਰ ਪੁਲਸ ਨੇ 11 ਪਰਚੇ ਦਰਜ ਕਰ ਕੇ ਜਿਹੜੇ ਵਾਹਨ ਜ਼ਬਤ ਕੀਤੇ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਵਾਹਨ ਛੱਡ ਦਿੱਤੇ ਗਏ ਹਨ। ਇੱਥੋਂ ਤੱਕ ਕਿ ਜਿਹੜੇ ਪਰਚੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਹੋਏ ਸਨ, ਉਨ੍ਹਾਂ ਪਰਚਿਆਂ 'ਚ ਬਰਾਮਦ ਕੀਤੇ ਗਏ ਵਾਹਨ, ਜੀ. ਸੀ. ਬੀ. ਮਸ਼ੀਨਾਂ ਅਤੇ ਹੋਰ ਮਸ਼ੀਨਰੀ ਵੀ ਸਬੰਧਤ ਮਾਲਕ ਛੁਡਵਾਉਣ 'ਚ ਸਫਲ ਹੋ ਜਾਂਦੇ ਹਨ। ਥਾਣਾ ਭੈਣੀ ਮੀਆਂ ਖਾਂ ਥਾਣੇ 'ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਬਾਅਦ 'ਚ 2 ਨੂੰ ਨਾਮਜ਼ਦ ਕੀਤਾ ਸੀ, ਜਿਸ ਦੌਰਾਨ ਪੁਲਸ ਨੇ ਇਕ ਜੇ. ਸੀ. ਬੀ. ਅਤੇ ਟਰੈਕਟਰ ਵੀ ਜ਼ਬਤ ਕੀਤਾ ਸੀ ਪਰ ਬਾਅਦ ਵਿਚ ਇਹ ਸਾਮਾਨ ਅਦਾਲਤ ਦੀ ਪ੍ਰਵਾਨਗੀ ਨਾਲ ਉਕਤ ਮਾਲਕਾਂ ਨੂੰ ਦੇ ਦਿੱਤਾ ਗਿਆ। ਇਸੇ ਤਰ੍ਹਾਂ ਇਸੇ ਥਾਣੇ ਦੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ 2 ਲੋਹੇ ਦੇ ਬੇੜੇ ਅਤੇ 2 ਪੋਕਲੇਨਾਂ ਵੀ ਜ਼ਬਤ ਕੀਤੀਆਂ ਸੀ, ਜਿਨ੍ਹਾਂ 'ਚੋਂ ਬੇੜੇ ਤਾਂ ਪੁਲਸ ਦੇ ਕੋਲ ਹੀ ਥਾਣੇ ਵਿਚ ਮੌਜੂਦ ਹਨ ਪਰ ਪੋਕਲੇਨਾਂ ਨੂੰ ਉਨ੍ਹਾਂ ਦੇ ਮਾਲਕ ਛੁਡਵਾਉਣ 'ਚ ਸਫਲ ਹੋ ਗਏ। ਇਸੇ ਤਰ੍ਹਾਂ ਹੋਰ ਵੱਖ-ਵੱਖ ਪਰਚਿਆਂ 'ਚ ਪੁਲਸ ਵੱਲੋਂ ਫੜਿਆ ਗਿਆ ਸਾਮਾਨ ਵੀ ਸਪੁਰਦਾਰੀ 'ਤੇ ਸੌਂਪ ਦਿੱਤਾ ਗਿਆ ਹੈ ਅਤੇ ਨਾਮਜ਼ਦ ਦੋਸ਼ੀ ਵੀ ਜ਼ਮਾਨਤਾਂ 'ਤੇ ਰਿਹਾਅ ਹਨ। ਇਸ ਕਾਰਣ ਪੁਲਸ ਦੀ ਇਹ ਕਾਰਵਾਈ ਇਸ ਕਾਰੋਬਾਰ ਨੂੰ ਬੰਦ ਕਰਨ ਦੇ ਮਾਮਲੇ 'ਚ ਕੋਈ ਰੰਗ ਨਹੀਂ ਦਿਖਾ ਸਕੀ।
'ਜ਼ਿਲੇ 'ਚ ਰੇਤ ਦੀ ਮਾਈਨਿੰਗ ਨਹੀਂ ਹੁੰਦੀ, ਸਿਰਫ ਭੈਣੀ ਮੀਆਂ ਖਾਂ ਥਾਣੇ ਅੰਦਰ ਇਹ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਪੁਲਸ ਨੇ ਕਾਰਵਾਈ ਕਰ ਕੇ ਬਕਾਇਦਾ ਪਰਚੇ ਦਰਜ ਕੀਤੇ ਅਤੇ ਮਸ਼ੀਨਰੀ ਵੀ ਜ਼ਬਤ ਕੀਤੀ ਸੀ। ਮਾਈਨਿੰਗ ਰੋਕਣ ਲਈ ਪੁਲਸ ਦੀ ਸਖਤੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪੁਲਸ ਵੱਲੋਂ ਜ਼ਿਲੇ 'ਚ ਮਿੱਟੀ ਦੀ ਪੁਟਾਈ ਵੀ ਨਹੀਂ ਹੋਣ ਦਿੱਤੀ ਜਾਂਦੀ, ਜਿਸ ਤਹਿਤ ਇਸ ਸਾਲ ਦਰਜ ਕੀਤੇ ਪਰਚਿਆਂ 'ਚ ਜ਼ਿਆਦਾ ਪਰਚੇ ਮਿੱਟੀ ਦੀ ਪੁਟਾਈ ਨਾਲ ਸਬੰਧਤ ਹਨ। ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਪਰਚਿਆਂ 'ਚ ਸ਼ਾਮਲ ਨੂੰ ਛੱਡ ਦੇਣ ਦੇ ਮਾਮਲੇ 'ਚ ਪੁਲਸ ਮੁਖੀ ਨੇ ਕਿਹਾ ਕਿ ਕਈ ਵਾਰ ਕੁਝ ਲੋਕ ਕਿਸੇ ਦੀ ਮਸ਼ੀਨਰੀ ਕਿਰਾਏ 'ਤੇ ਲੈ ਜਾਂਦੇ ਹਨ ਅਤੇ ਬਾਅਦ ਵਿਚ ਉਹ ਖੁਦ ਗਾਇਬ ਹੋ ਜਾਂਦੇ ਹਨ ਜਦਕਿ ਮਸ਼ੀਨਰੀ ਦੇ ਅਸਲ ਮਾਲਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੌਣ ਸਨ ਕਿਉਂਕਿ ਮਸ਼ੀਨਰੀ ਡਰਾਈਵਰਾਂ ਰਾਹੀਂ ਹੀ ਅੱਗੇ ਕੰਮ ਲਈ ਭੇਜੀ ਜਾਂਦੀ ਹੈ। ਇਸ ਲਈ ਅਦਾਲਤ ਦੀ ਪ੍ਰਵਾਨਗੀ ਨਾਲ ਪੂਰੀ ਜਾਂਚ ਦੇ ਆਧਾਰ 'ਤੇ ਹੀ ਕਿਸੇ ਵਾਹਨ ਨੂੰ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਥਾਣਿਆਂ 'ਚ ਰੇਤ ਦੇ ਗਾਇਬ ਹੋਣ ਵਾਲਾ ਕੋਈ ਵੀ ਮਾਮਲਾ ਗੁਰਦਾਸਪੁਰ ਜ਼ਿਲੇ 'ਚ ਕਦੇ ਸਾਹਮਣੇ ਨਹੀਂ ਆਇਆ।' -ਸਵਰਨਦੀਪ ਸਿੰਘ, ਐੱਸ. ਐੱਸ. ਪੀ., ਜ਼ਿਲਾ ਗੁਰਦਾਸਪੁਰ।
ਹਰ ਦਸਤਾਵੇਜ਼ 'ਚ ਉਹ ਪਤੀ ਹੈ ਤਾਂ ਬਲਾਤਕਾਰ ਕਿਵੇਂ ਮੰਨਿਆ ਜਾਵੇ : ਹਾਈਕੋਰਟ
NEXT STORY