ਗੁਰਦਾਸਪੁਰ : ਗੁਰਦਾਸਪੁਰ ਦੇ ਨਾਲ ਪਿੰਡ ਬਰਿਆਰ ਅਤੇ ਅੱਬਲਖੈਰ ਨੇੜਿਓਂ ਗੁਜ਼ਰਦਾ ਰਜਬਾਹਾ ਟੁੱਟ ਜਾਣ ਕਾਰਣ ਜਿਥੇ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਉਥੇ ਇਸ ਰਜਬਾਹੇ ਦੇ ਨਾਲ ਲਗਦੇ ਖੇਤਾਂ 'ਚ ਦੋ ਕਿਸਾਨਾਂ ਵਲੋਂ ਲਾਏ ਗਏ ਲੀਚੀ ਦੇ ਬਾਗ ਵਿਚਲੇ ਕਰੀਬ 550 ਪੌਦੇ ਖਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਰਜਬਾਹੇ ਦੇ ਟੁੱਟਣ ਕਾਰਣ ਪੀੜਤ ਕਿਸਾਨ ਇਹ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਨੇ ਰਜਬਾਹੇ 'ਚ ਪਾੜ ਪੈਣ ਤੋਂ ਪਹਿਲਾਂ ਹੀ ਸਬੰਧਿਤ ਜੇ. ਈ. ਨੂੰ ਸੂਚਿਤ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਮੌਕੇ 'ਤੇ ਆ ਕੇ ਸਥਿਤੀ ਨੂੰ ਨਹੀਂ ਸੰਭਾਲਿਆ। ਜਿਸ ਕਾਰਣ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਸਬੰਧੀ 'ਜਗ ਬਾਣੀ' ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਬਰਿਆਰ ਦੇ ਕਿਸਾਨ ਸ਼ਹਿਬਾਜ ਸਿੰਘ ਪੁੱਤਰ ਹਰਪਾਲ ਸਿੰਘ ਅਤੇ ਗੁਰਬਖਸ਼ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਰੀਬ 8 ਏਕੜ ਜ਼ਮੀਨ 'ਚ ਲੀਚੀ ਦਾ ਬਾਗ ਲਾਇਆ ਹੈ। ਉਨ੍ਹਾਂ ਦੱਸਿਆ ਕਿ ਲੀਚੀ ਦੇ ਬੂਟੇ ਅਜੇ ਛੋਟੇ ਹਨ ਜੋ ਜ਼ਿਆਦਾ ਪਾਣੀ ਦੀ ਮਾਰ ਨਹੀਂ ਝੱਲ ਸਕਦੇ ਹਨ ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਸ ਰਜਬਾਹੇ 'ਚ ਪਿੰਡ ਬਰਿਆਰ ਤੋਂ ਪਹਿਲਾਂ ਆਈ. ਟੀ. ਆਈ. ਦਾ ਗੰਦਾ ਪਾਣੀ ਪੈਂਦਾ ਹੈ। ਇਸ ਕਾਰਣ ਇਹ ਦੂਸ਼ਿਤ ਪਾਣੀ ਅੱਜ ਜਦੋਂ ਲੀਚੀ ਦੇ ਪੌਦਿਆਂ ਨੂੰ ਲੱਗ ਗਿਆ ਹੈ ਤਾਂ ਬੂਟਿਆਂ ਦਾ ਬਚਾਅ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵੇਰ ਵੇਲੇ ਪਹਿਲਾਂ ਰਜਬਾਹੇ ਦੇ ਕਿਨਾਰੇ ਮਾੜੇ ਹੋਣ ਕਾਰਣ ਥੋੜ੍ਹਾ-ਥੋੜ੍ਹਾ ਪਾਣੀ ਰਿਸਣਾ ਸ਼ੁਰੂ ਹੋਇਆ ਸੀ। ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਸਬੰਧਿਤ ਜੇ. ਈ. ਨੂੰ ਫੋਨ ਕੀਤਾ ਪਰ ਕੋਈ ਅਧਿਕਾਰੀ ਜਾਂ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜਦੋਂ ਪਾੜ ਵੱਡਾ ਹੋਣ ਲੱਗਾ ਤਾਂ ਉਨ੍ਹਾਂ ਵਲੋਂ ਵਾਰ-ਵਾਰ ਫੋਨ ਕੀਤੇ ਜਾਣ ਕਾਰਣ 2 ਕਰਮਚਾਰੀ ਤਾਂ ਆਏ ਪਰ ਪਾੜ ਰੋਕਣ ਲਈ ਉਨ੍ਹਾਂ ਕੋਲ ਕੋਈ ਸਾਮਾਨ ਨਹੀਂ ਸੀ। ਜਿਸ ਕਾਰਣ ਪਾੜ ਵਧਦਾ ਗਿਆ ਅਤੇ ਅਖੀਰ ਇਹ ਪਾਣੀ ਸ਼ਾਮ 4 ਵਜੇ ਦੇ ਕਰੀਬ ਬੰਦ ਹੋ ਸਕਿਆ। ਉਨ੍ਹਾਂ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਇਸ ਰਜਬਾਹੇ ਦੇ ਕਿਨਾਰਿਆਂ ਦੀ ਸਮੇਂ-ਸਿਰ ਮੁਰੰਮਤ ਕਿਉਂ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਇਹ ਮੰਗ ਵੀ ਕੀਤੀ ਕਿ ਇਸ ਗੱਲ ਦੀ ਜਾਂਚ ਵੀ ਕਰਵਾਈ ਜਾਵੇ ਕਿ ਇਸ ਰਜਬਾਹੇ ਦੀ ਸਫਾਈ ਕਿਉਂ ਨਹੀਂ ਕਰਵਾਈ ਜਾਂਦੀ।
PRTC ਦੇ ਕੰਡਕਟਰਾਂ ਨੇ ਕੀਤਾ 'ਟਿਕਟ ਘੁਟਾਲਾ', ਸਰਕਾਰੀ ਖਜ਼ਾਨੇ ਨੂੰ ਲੱਗੀ ਸੰਨ੍ਹ
NEXT STORY