ਬਠਿੰਡਾ (ਵੈੱਬ ਡੈਸਕ) : ਪੀ.ਆਰ.ਟੀ.ਸੀ. 'ਚ ਦੋ ਦਰਜਨ ਕੰਡਕਟਰਾਂ ਵੱਲੋਂ ਇਲੈਕਟ੍ਰਾਨਿਕ ਟਿਕਟ ਮਸ਼ੀਨਾਂ (ਈ.ਟੀ.ਐੱਮ) 'ਚ ਸੰਨ੍ਹ ਲਾ ਕੇ 'ਟਿਕਟ ਘੁਟਾਲਾ' ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਪਤਾ ਲੱਗਦੇ ਹੀ ਮੁੱਖ ਦਫਤਰ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਰਾਤੋ-ਰਾਤ ਪੰਜ ਜਾਂਚ ਟੀਮਾਂ ਬਣਾ ਕੇ ਪੀ.ਆਰ.ਟੀ.ਸੀ. ਦੇ ਸਾਰੇ 9 ਡਿੱਪੂਆਂ 'ਚ ਫੌਰੀ ਪੜਤਾਲ ਕਰਨ ਵਾਸਤੇ ਭੇਜਿਆ ਗਿਆ ਹੈ। ਇਹ ਪੜਤਾਲ ਕਰੀਬ ਪਿਛਲੇ 1 ਹਫਤੇ ਤੋਂ ਚੱਲ ਰਹੀ ਹੈ। ਮੁੱਢਲੀ ਪੜਤਾਲ ਵਿਚ ਪਤਾ ਲੱਗਾ ਹੈ ਕਿ ਕੰਡਕਟਰ ਕਾਫ਼ੀ ਸਮੇਂ ਤੋਂ ਇਲੈਕਟ੍ਰਾਨਿਕ ਟਿਕਟ ਮਸ਼ੀਨਾਂ ਵਿਚਲੀ ਆਪਸ਼ਨ ਦੀ ਗਲਤ ਵਰਤੋਂ ਕਰਕੇ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਸਨ।
ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਦਫ਼ਤਰ ਦੇ ਉੱਡਣ ਦਸਤੇ ਵੱਲੋਂ ਫਰੀਦਕੋਟ ਡਿੱਪੂ ਦੀ ਜੰਮੂ-ਕੱਟੜਾ ਰੂਟ ਵਾਲੀ ਬੱਸ ਦੀ ਚੈਕਿੰਗ ਕੀਤੀ ਗਈ ਸੀ ਤਾਂ ਅੱਠ ਏਦਾਂ ਦੇ ਕੇਸ ਫੜੇ ਗਏ ਸਨ ਜਿਸ 'ਚ ਕੰਡਕਟਰ ਨੇ ਇਲੈਕਟ੍ਰਾਨਿਕ ਟਿਕਟ ਮਸ਼ੀਨ ਵਿਚ ਗਲਤ ਆਪਸ਼ਨ ਵਰਤ ਕੇ ਸਵਾਰੀਆਂ ਨੂੰ ਟਿਕਟਾਂ ਜਾਰੀ ਕੀਤੀਆਂ ਸਨ ਤੇ ਇਨ੍ਹਾਂ ਦੀ ਕੋਈ ਰਾਸ਼ੀ ਖ਼ਜ਼ਾਨੇ ਵਿਚ ਜਮ੍ਹਾਂ ਨਹੀਂ ਹੋਈ ਸੀ। ਉਸ ਮਗਰੋਂ ਪੀ.ਆਰ.ਟੀ.ਸੀ. ਦੇ ਪ੍ਰਬੰਧਕਾਂ ਨੇ ਸਾਰੇ ਡਿੱਪੂਆਂ ਵਿਚ ਪੜਤਾਲ ਕਰਾਉਣ ਦਾ ਫ਼ੈਸਲਾ ਕੀਤਾ।
ਟਿਕਟ ਘੁਟਾਲੇ ਦੀ ਪੜਤਾਲ ਬੁਢਲਾਡਾ ਤੇ ਚੰਡੀਗੜ੍ਹ ਡਿੱਪੂ ਦੇ ਸਬ ਇੰਸਪੈਕਟਰ ਬਿਕਰਮਜੀਤ ਸਿੰਘ, ਸੰਗਰੂਰ ਤੇ ਲੁਧਿਆਣਾ ਡਿੱਪੂ ਦੇ ਕਰਮਜੀਤ ਸਿੰਘ ਸਬ-ਇੰਸਪੈਕਟਰ, ਫਰੀਦਕੋਟ ਤੇ ਬਠਿੰਡਾ ਡਿੱਪੂ ਦੇ ਸੰਜੀਵ ਕੁਮਾਰ, ਪਟਿਆਲਾ ਤੇ ਕਪੂਰਥਲਾ ਡਿੱਪੂ ਦੇ ਸੁਖਦੇਵ ਸਿੰਘ ਸਬ ਇੰਸਪੈਕਟਰ ਅਤੇ ਬਰਨਾਲਾ ਡਿੱਪੂ ਦੇ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਪਿਛਲੇ ਛੇ ਮਹੀਨੇ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ ਹੈ ਜਿਸ 'ਚ 26 ਕੰਡਕਟਰਾਂ ਵੱਲੋਂ ਘਾਲਾ-ਮਾਲਾ ਕੀਤੇ ਜਾਣ ਦੇ ਤੱਥ ਸਾਹਮਣੇ ਆਏ ਹਨ। ਉਸ ਤੋਂ ਪਿਛਲੇ ਸਮੇਂ ਦੇ ਰਿਕਾਰਡ ਦੀ ਪੜਤਾਲ ਵੀ ਹੁਣ ਵਿੱਢ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਲੱਖਾਂ ਰੁਪਏ ਦੀ ਰਾਸ਼ੀ ਦਾ ਘਪਲਾ ਕੀਤਾ ਗਿਆ ਹੈ ਅਤੇ ਪੜਤਾਲ ਮੁਕੰਮਲ ਹੋਣ ਮਗਰੋਂ ਅਸਲ ਰਾਸ਼ੀ ਦਾ ਪਤਾ ਲੱਗ ਸਕੇਗਾ।
ਸਭ ਤੋਂ ਵੱਡਾ ਘਪਲਾ ਬੁਢਲਾਡਾ ਡਿੱਪੂ ਵਿਚ ਹੋਇਆ ਹੈ ਜਿਸ ਦੇ ਕਰੀਬ ਇਕ ਦਰਜਨ ਕੰਡਕਟਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸੇ ਤਰ੍ਹਾਂ ਬਠਿੰਡਾ ਤੇ ਬਰਨਾਲਾ ਡਿਪੂ ਵਿਚ 15-16 ਕੰਡਕਟਰਾਂ ਵੱਲੋਂ ਇਸ ਤਰੀਕੇ ਨਾਲ ਟਿਕਟਾਂ ਵਿਚ ਘਪਲਾ ਕੀਤਾ ਗਿਆ ਹੈ। ਇਹ ਕੰਡਕਟਰ ਉੱਡਣ ਦਸਤੇ ਵਾਲੀ ਆਪਸ਼ਨ ਵਰਤ ਕੇ ਸਵਾਰੀ ਨੂੰ ਤਾਂ ਟਿਕਟ ਦੇ ਦਿੰਦੇ ਸਨ ਪਰ ਉਸ ਦੀ ਰਿਕਾਰਡ ਵਿਚ ਕੋਈ ਐਂਟਰੀ ਨਹੀਂ ਆਉਂਦੀ ਸੀ। ਆਮ ਤੌਰ 'ਤੇ ਉੱਡਣ ਦਸਤੇ ਦੇ ਅਧਿਕਾਰੀ ਬੱਸਾਂ ਦੀ ਚੈਕਿੰਗ ਸਮੇਂ ਇਸ ਆਪਸ਼ਨ ਤਹਿਤ ਖੁਦ ਟਿਕਟ ਕਟਦੇ ਹੁੰਦੇ ਹਨ। ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ (ਪ੍ਰਸ਼ਾਸਨ) ਸੁਰਿੰਦਰ ਸਿੰਘ ਦਾ ਕਹਿਣਾ ਹੈ ਹਾਲੇ ਪੜਤਾਲ ਚੱਲ ਰਹੀ ਹੈ। ਪੜਤਾਲ ਮੁਕੰਮਲ ਹੋਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ 'ਚ ਜ਼ਿਮਨੀ ਚੋਣ ਦੀ ਚਰਚਾ!
NEXT STORY