ਗੁਰਦਾਸਪੁਰ (ਵਿਨੋਦ) : ਰੱਖੜੀ ਦਾ ਤਿਉਹਾਰ ਹੋਵੇ ਅਤੇ ਭੈਣ ਨੂੰ ਭਰਾ ਦੀ ਯਾਦ ਨਾ ਆਵੇ ਇਹ ਤਾਂ ਹੋ ਹੀ ਨਹੀਂ ਸਕਦਾ, ਕੱਚੇ ਧਾਗਿਆਂ ਦੀ ਡੋਰ ਨਾਲ ਬੰਨ੍ਹੇ ਹੋਏ ਭਰਾ-ਭੈਣ ਦੇ ਪਿਆਰ ਅਤੇ ਇਸ ਪਵਿੱਤਰ ਰਿਸ਼ਤੇ ਤੋਂ ਵਧ ਕੇ ਕੋਈ ਹੋਰ ਰਿਸ਼ਤਾ ਦੁਨੀਆ ਵਿਚ ਨਹੀਂ ਹੈ। ਭੈਣ ਦੀ ਮੰਗੀ ਦੁਆ ਮੁਸੀਬਤ ਦੀ ਘੜੀ ਵਿਚ ਭਰਾ ਦੀ ਰਾਖੀ ਕਰਦੀ ਹੈ। ਇਸ ਅਟੁੱਟ ਰਿਸ਼ਤੇ ਦੇ ਬੰਧਨ ਵਿਚ ਬੱਝੀ ਇਕ ਅਭਾਗੀ ਭੈਣ ਜਲੰਧਰ ਨਿਵਾਸੀ ਅੰਮ੍ਰਿਤਪਾਲ ਕੌਰ ਆਪਣੇ ਸ਼ਹੀਦ ਭਰਾ ਦੀ ਯਾਦ ਹਿਰਦੇ ਵਿਚ ਸਮੇਟੇ ਹੋਏ ਭਾਰਤ-ਪਾਕਿ ਦੀ ਜ਼ੀਰੋ ਲਾਈਨ 'ਤੇ ਵਸੇ ਪਿੰਡ ਸਿੰਬਲ ਦੀ ਬੀ. ਐੱਸ. ਐੱਫ. ਦੀ ਪੋਸਟ 'ਤੇ ਬਣੀ 1971 ਦੇ ਭਾਰਤ-ਪਾਕਿ ਯੁੱਧ ਦੇ ਸ਼ਹੀਦ ਹੋਣ ਵਾਲੇ ਆਪਣੇ ਭਰਾ ਦੀ ਯਾਦ 'ਚ ਪਿਛਲੇ 43 ਸਾਲਾਂ ਤੋਂ ਲਗਾਤਾਰ ਰੱਖੜੀ ਬੰਨ੍ਹਦੀ ਆ ਰਹੀ ਸੀ ਪਰ ਤਿੰਨ ਸਾਲ ਪਹਿਲਾਂ ਭਰਾ-ਭੈਣ ਦੇ ਇਸ ਅਤੁੱਟ ਬੰਧਨ ਦਾ 44ਵਾਂ ਸਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਕੌਰ ਦੀ ਸਾਹਾਂ ਦੀ ਡੋਰ ਟੁੱਟ ਗਈ। ਉਹ ਦੋ ਮਹੀਨੇ ਕੈਂਸਰ ਦੀ ਬੀਮਾਰੀ ਨਾਲ ਲੜਦੇ ਹੋਏ ਮੌਤ ਦੇ ਮੂੰਹ ਵਿਚ ਚਲੀ ਗਈ। ਸ਼ਹੀਦ ਭਰਾ ਦੀ ਸਮਾਧੀ 'ਤੇ ਰੱਖੜੀ ਬੰਨ੍ਹਣ ਦੀ ਪ੍ਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਉਸ ਸਮੇਂ ਅੰਮ੍ਰਿਤਪਾਲ ਕੌਰ ਦੀ ਚਚੇਰੀ ਭੈਣ ਅਮਿਤਪਾਲ ਕੌਰ ਨੇ ਸਿੰਬਲ ਪੋਸਟ 'ਤੇ ਜਾ ਕੇ ਆਪਣੇ ਚਚੇਰੇ ਭਰਾ ਕਮਲਜੀਤ ਦੀ ਸਮਾਧੀ 'ਤੇ ਰੱਖੜੀ ਬੰਨ੍ਹੀ ਸੀ ਅਤੇ ਪੋਸਟ 'ਤੇ ਮੌਜੂਦ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਨ੍ਹਾਂ ਨੇ ਇਹ ਵਚਨ ਦਿੱਤਾ ਸੀ ਕਿ ਇਸ ਪ੍ਰੰਪਰਾ ਨੂੰ ਉਹ ਅੱਗੇ ਵਧਾਏਗੀ ਪਰ ਅਫ਼ਸੋਸ ਉਸ ਦੇ ਬਾਅਦ ਉਹ ਦੁਬਾਰਾ ਇਸ ਪੋਸਟ 'ਤੇ ਰੱਖੜੀ ਬੰਨ੍ਹਣ ਨਹੀਂ ਆਈ।
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਮਰਨ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ ਦੀ ਭੈਣ ਅੰਮ੍ਰਿਤਪਾਲ ਕੌਰ ਨੇ ਪ੍ਰੀਸ਼ਦ ਤੋਂ ਇਹ ਵਚਨ ਲਿਆ ਸੀ ਕਿ ਉਨ੍ਹਾਂ ਵੱਲੋਂ ਪਿਛਲੇ 43 ਸਾਲਾਂ ਤੋਂ ਆਪਣੇ ਭਰਾ ਦੀ ਸਮਾਧੀ 'ਤੇ ਰੱਖੜੀ ਬੰਨ੍ਹਣ ਦੀ ਸ਼ੁਰੂ ਕੀਤੀ ਪ੍ਰੰਪਰਾ ਰੁਕਣੀ ਨਹੀਂ ਚਾਹੀਦੀ। ਚਾਹੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਦੂਜਾ ਮੈਂਬਰ ਬੇਸ਼ੱਕ ਇਥੇ ਨਾ ਪਹੁੰਚੇ। ਇਸੇ ਵਚਨ ਦੀ ਡੋਰੀ ਨਾਲ ਬੰਨ੍ਹੇ ਪ੍ਰੀਸ਼ਦ ਦੇ ਮੈਂਬਰਾਂ ਨੇ ਇਕ ਨਵੀਂ ਪ੍ਰੰਪਰਾ ਦੀ ਸ਼ੁਰੂਆਤ ਕਰਦੇ ਹੋਏ ਬੀਤੇ ਸਾਲ ਇਸ ਪੋਸਟ 'ਤੇ ਪਹੁੰਚ ਕੇ ਸ਼ਹੀਦ ਦੀ ਸਮਾਧੀ 'ਤੇ ਰੱਖੜੀ ਬੰਨ੍ਹੀ ਸੀ ਪਰ ਇਸ ਵਾਰ ਜਿਸ ਪਿੰਡ ਸਿੰਬਲ ਨੂੰ ਬਚਾਉਂਦੇ ਹੋਏ ਕਮਲਜੀਤ ਨੇ ਸ਼ਹਾਦਤ ਪਾਈ ਸੀ ਉਸ ਪਿੰਡ ਦੀ ਪ੍ਰਿਆ, ਨੇਹਾ ਅਤੇ ਮਨਪ੍ਰੀਤ ਕੌਰ ਨੇ ਪ੍ਰੀਸ਼ਦ ਮੈਂਬਰਾਂ ਦੇ ਨਾਲ ਸ਼ਹੀਦ ਦੀ ਸਮਾਧੀ 'ਤੇ ਰੇਸ਼ਮ ਦੀ ਡੋਰੀ ਬੰਨ੍ਹ ਕੇ ਅੰਮ੍ਰਿਤਪਾਲ ਨੇ 43 ਸਾਲ ਪਹਿਲਾਂ ਸ਼ੁਰੂ ਕੀਤੀ ਪ੍ਰੰਪਰਾ ਨੂੰ ਬਰਕਰਾਰ ਰੱਖਿਆ।
ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਡਿੱਗੀ 'ਚ ਮਾਰੀ ਛਾਲ, ਮੌਤ
NEXT STORY