ਗੁਰਦਾਸਪੁਰ, ਬਟਾਲਾ, ਕਲਾਨੌਰ (ਵਿਨੋਦ, ਬੇਰੀ, ਮਨਮੋਹਨ) : ਸ੍ਰੀ ਅਕਾਲ ਤਖਤ ਸਾਹਿਬ ਦੀ ਪਾਬੰਦੀ ਦੇ ਬਾਵਜੂਦ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਲਾਨੌਰ 'ਚ ਇਕ ਵਿਸ਼ਾਲ ਰੈਲੀ ਕੀਤੀ। ਹਲਕੇ ਦੇ ਕੁਝ ਲੋਕਾਂ ਨੇ ਲੰਗਾਹ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਥ ਤੋਂ ਕੱਢ ਕੇ ਸਿੱਖ ਭਾਈਚਾਰੇ ਨੂੰ ਲੰਗਾਹ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਨਾ ਰੱਖਣ ਦਾ ਆਦੇਸ਼ ਜਾਰੀ ਕਰ ਰੱਖਿਆ ਹੈ, ਦੇ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਸ਼ਿਕਾਇਤ ਕਰ ਕੇ ਲੰਗਾਹ ਵਲੋਂ ਮੀਟਿੰਗਾਂ ਤੇ ਰੈਲੀਆ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਿਸ 'ਤੇ ਸ੍ਰੀ ਅਕਾਲ ਤਖਤ ਨੇ ਫਿਰ ਸਪੱਸ਼ਟ ਕੀਤਾ ਸੀ ਕਿ ਲੰਗਾਹ ਦਾ ਸਾਥ ਦੇਣ ਵਾਲੇ ਸਿੱਖ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਣਗੇ। ਉਸ ਦੇ ਬਾਵਜੂਦ ਲੰਗਾਹ ਨੇ ਅੱਜ ਕਲਾਨੌਰ 'ਚ ਵਿਸ਼ਾਲ ਰੈਲੀ ਕੀਤੀ।
ਰੈਲੀ 'ਚ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਹਰ ਆਦੇਸ਼ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਪੰਥ ਤੋਂ ਕੱਢਣ ਦੇ ਬਾਅਦ ਮੇਰੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੇਰੀ ਸਾਰ ਨਹੀਂ ਲਈ ਪਰ ਮੇਰੇ ਵਰਕਰਾਂ ਨੇ ਮੇਰਾ ਹੱਥ ਫੜ੍ਹੀ ਰੱਖਿਆ ਤੇ ਅੱਜ ਮੈਂ ਉਨ੍ਹਾਂ ਸਾਥੀਆਂ ਦੀ ਬਦੌਲਤ ਜਿਊਂਦਾ ਹਾਂ।
ਉਨ੍ਹਾਂ ਕਿਹਾ ਕਿ ਉਹ ਇਕ ਸਾਧਾਰਨ ਵਰਕਰ ਦੇ ਰੂਪ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਹਲਕੇ ਦੇ ਮੰਤਰੀ ਦੇ ਜੁਲਮਾਂ ਵਿਰੁੱਧ ਫਿਰ ਮੈਦਾਨ 'ਚ ਆਇਆ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਉਸਨੂੰ ਘਰ ਹੀ ਕੈਦ ਰਹਿਣ, ਆਪਣੀ ਵੋਟਰ ਦੀ ਵਰਤੋਂ ਨਾ ਕਰਨ ਸਮੇਤ ਪੰਜਾਬ ਤੋਂ ਬਾਹਰ ਚੱਲੇ ਜਾਣ ਦਾ ਆਦੇਸ਼ ਦਿੰਦਾ ਹੈ ਤਾਂ ਉਹ ਉਨ੍ਹਾਂ ਦੀ ਪਾਲਣਾ ਕਰਨਗੇ ਪਰ ਇਸ ਮੰਤਰੀ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਦਹਾਈ ਦੇ ਰਹੇ ਹਨ ਉਨ੍ਹਾਂ ਦੇ ਪਿਤਾ ਨੇ ਉਸੇ ਅਕਾਲ ਤਖਤ ਸਾਹਿਬ 'ਤੇ ਇੰਦਰਾ ਗਾਂਧੀ ਵਲੋਂ ਹਮਲਾ ਕਰਨ 'ਤੇ ਵਧਾਈ ਦਿੱਤੀ ਸੀ ਤੇ ਲੱਡੂ ਵੰਡੇ ਸੀ।
ਲੰਗਾਹ ਨੇ ਕਿਹਾ ਕਿ ਕਾਂਗਰਸ 'ਚ ਔਰੰਗਜੇਬ ਦੀ ਆਤਮਾ ਆ ਵਸੀ ਹੈ ਤੇ ਉਹ ਕਾਂਗਰਸ ਪਾਰਟੀ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵਰਕਰਾਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾ ਹਾਂ ਤੇ ਸਮਾਂ ਆਉਣ 'ਤੇ ਆਪਣੇ ਵਿਰੋਧੀਆਂ ਤੋਂ ਵਿਆਜ ਸਮੇਤ ਬਦਲਾ ਲਵਾਂਗਾ।
ਦੋ ਭਰਾਵਾਂ ਨੇ ਪੁਲਸ ਅਧਿਕਾਰੀਆਂ 'ਤੇ ਠੋਕਿਆ 10 ਕਰੋੜ ਦਾ ਦਾਅਵਾ
NEXT STORY