ਗੁਰਦਾਸਪੁਰ - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਕਾਂਗਰਸ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੁਨੀਲ ਕੁਮਾਰ ਜਾਖੜ ਦੇ ਨਾਂ 'ਤੇ ਇਕ ਵਾਰ ਫਿਰ ਮੋਹਰ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸੁਨੀਲ ਕੁਮਾਰ ਜਾਖੜ ਦਾ ਜਨਮ 9 ਫਰਵਰੀ, 1954 ਨੂੰ ਕਾਂਗਰਸ ਦੇ ਸੀਨੀਅਰ ਨੇਤਾ ਬਲਰਾਮ ਜਾਖੜ ਦੇ ਘਰ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਪੰਜਕੋਸੀ ਹੈ, ਜੋ ਫਾਜ਼ਿਲਕਾ ਜ਼ਿਲੇ ਦੇ ਅਧੀਨ ਆਉਂਦਾ ਹੈ। ਸੁਨੀਲ ਦੇ ਪਿਤਾ ਬਲਰਾਮ ਜਾਖੜ ਦੋ ਬਾਰ ਲੋਕ ਸਭਾ ਦੇ ਸਪੀਕਰ ਅਤੇ ਨਰਸਿਮਹਾ ਰਾਓ ਦੀ ਸਰਕਾਰ ਦੇ ਸਮੇਂ ਖੇਤੀਬਾੜੀ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ 2004 ਤੋਂ 2009 ਤੱਕ ਮੱਧ ਪ੍ਰਦੇਸ਼ ਦੇ ਗਵਰਨਰ ਵੀ ਰਹੇ ਹਨ।
ਸੁਨੀਲ ਜਾਖੜ ਦਾ ਸਿਆਸੀ ਸਫਰ
ਸੁਨੀਲ ਜਾਖੜ ਨੇ ਸੂਬਾ ਪੱਧਰੀ ਸਿਆਸਤ 'ਚ ਸਾਲ 2002 'ਚ ਕਦਮ ਰੱਖਿਆ, ਜਦੋਂ ਪੰਜਾਬ 'ਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ। ਜਾਖੜ ਸਾਲ 2002, 2007 ਅਤੇ 2012 'ਚ ਅਬੋਹਰ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 14 ਅਕਤੂਬਰ, 2017 ਨੂੰ ਸਾਬਕਾ ਐੱਮ.ਪੀ. ਵਿਨੋਦ ਖੰਨਾ ਦੀ ਮੌਤ ਹੋ ਜਾਣ ਤੋਂ ਬਾਅਦ ਸੁਨੀਲ ਜਾਖੜ ਭਾਜਪਾ ਦੇ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੋਕ ਸਭਾ ਦੇ ਮੈਂਬਰ ਬਣੇ।
ਦੱਸ ਦੇਈਏ ਕਿ ਸੁਨੀਲ ਜਾਖੜ ਨੂੰ ਐੱਮ.ਪੀ. ਬਣੇ ਢਾਈ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਉਹ ਲੋਕ ਸਭਾ 'ਚ ਕਾਫੀ ਸਰਗਰਮ ਰਹੇ। ਜਾਖੜ ਦੀ ਸੰਸਦ 'ਚ ਹਾਜ਼ਰੀ 87% ਹੈ, ਜੋ ਪੂਰੇ ਦੇਸ਼ ਦੇ ਐੱਮ.ਪੀਜ਼ (80%) ਤੋਂ ਵਧ ਹੈ। ਜਾਖੜ ਨੇ ਆਪਣੇ ਕਾਰਜਕਾਲ ਦੌਰਾਨ ਕੁੱਲ 22 ਸਵਾਲ ਪੁੱਛੇ, ਜਿਨ੍ਹਾਂ 'ਚ ਖੇਤੀ ਤੇ ਕਿਸਾਨ ਕਲਿਆਣ, ਰੱਖਿਆ, ਵਾਤਾਵਰਨ ਬਚਾਅ ਤੇ ਗ੍ਰਹਿ ਮਾਮਲੇ ਆਦਿ ਵਿਸ਼ੇ ਪ੍ਰਮੁੱਖ ਹਨ। ਜਾਖੜ ਆਪਣੇ ਕਈ ਸਾਥੀ ਸੰਸਦ ਮੈਂਬਰਾਂ ਨਾਲ ਰਲ਼ ਕੇ ਸਦਨ ਦੇ ਬਾਹਰ ਕਈ ਵਾਰ ਮੋਦੀ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਸੁਰਖੀਆਂ ਬਟੋਰਨ 'ਚ ਵੀ ਅੱਗੇ ਰਹਿੰਦੇ ਹਨ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 504ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY