ਗੁਰਦਾਸਪੁਰ (ਵਿਨੋਦ, ਗੁਰਪ੍ਰੀਤ) : ਪੁਲਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਬੁਗਨਾ ਵਿਖੇ ਅੱਜ ਦੇਰ ਸ਼ਾਮ ਖੇਤਾਂ 'ਚ ਵੱਟ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿਚ ਇਕ ਧਿਰ ਦੇ ਵਿਅਕਤੀਆਂ ਵੱਲੋਂ ਕਿਰਚਾਂ ਮਾਰ ਕੇ 16 ਸਾਲਾ ਲੜਕੇ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਬਾਗਾ ਅਤੇ ਪਰਮਜੀਤ ਸਿੰਘ ਪੰਮਾ ਦੇ ਪਰਿਵਾਰਾਂ ਦੀ ਜ਼ਮੀਨ ਦੀ ਵੱਟ ਸਾਂਝੀ ਹੈ। ਬੀਤੀ ਸ਼ਾਮ ਇਨ੍ਹਾਂ ਦੋਵਾਂ ਧਿਰਾਂ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਲਵਾਈ ਅਤੇ ਖੇਤ ਦੀ ਤਿਆਰੀ ਸਬੰਧੀ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਵੱਟ ਨੂੰ ਲੈ ਕੇ ਦੋਵੇਂ ਧਿਰਾਂ ਆਪਸ ਵਿਚ ਉਲਝ ਪਈਆਂ। ਦੇਖਦੇ ਹੀ ਦੇਖਦੇ ਗੱਲ ਇੰਨੀ ਵਧ ਗਈ ਕਿ ਦਿਲਬਾਗ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਲਾਡਾ 'ਤੇ ਤੇਜ਼ਧਾਰ ਤਿੱਖੀ ਕਿਰਚ ਨਾਲ ਵਾਰ ਕੀਤੇ ਜਾਣ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਹੁਰਿਆਂ ਦੇ ਪਿੰਡ ਪਰਿਵਾਰ ਸਮੇਤ ਰਹਿੰਦਾ ਹੈ ਅਤੇ ਬੀਤੀ ਸ਼ਾਮ ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ ਕਿ ਉਸ ਦੇ ਖੇਤਾਂ ਨਾਲ ਲੱਗਦੇ ਰਤਨ ਸਿੰੰਘ ਅਤੇ ਉਸ ਦੇ ਪੁੱਤਰ ਸ਼ਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦਾ ਬੰਨ੍ਹਾ ਵੱਢ ਲਿਆ। ਉਨ੍ਹਾਂ ਦੱਸਿਆ ਕਿ ਸ਼ਰਨਜੀਤ ਸਿੰਘ ਪੁਲਸ ਵਿਚ ਹੈ ਜਦੋਂਕਿ ਪਰਮਜੀਤ ਸਿੰਘ ਸਾਬਕਾ ਫੌਜੀ ਹੈ। ਇਸ ਪਰਿਵਾਰ ਦੇ ਕਾਫੀ ਬੰਦੇ ਹਨ, ਜਿਸ ਕਾਰਣ ਇਹ ਉਸ ਨੂੰ ਪਿੰਡ ਵਿਚ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਉਸ ਨੂੰ ਪ੍ਰੇਸ਼ਾਨ ਕਰਦੇ ਸਨ ਅਤੇ ਅੱਜ ਵੀ ਜਦੋਂ ਉਹ ਖੇਤ ਵਿਚ ਕੱਦੂ ਕਰਵਾ ਰਿਹਾ ਸੀ ਤਾਂ ਉਥੇ ਆ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਪੁੱਤਰ ਸਮੇਤ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਪੁੱਤਰ ਗੁਰਪ੍ਰੀਤ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਹ 2 ਭਰਾ ਸਨ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਦੇ ਡੀ. ਐੱਸ. ਪੀ. ਅਤੇ ਥਾਣਾ ਦੋਰਾਂਗਲਾ ਦੇ ਇੰਚਾਰਜ ਮੁਖਤਿਆਰ ਸਿੰਘ ਸਿਵਲ ਹਸਪਤਾਲ ਵਿਖੇ ਪਹੁੰਚ ਗਏ ਜਿਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਇਹੀ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਵੱਟ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਗੁਰਪ੍ਰੀਤ ਦੇ ਕਿਰਚਾਂ ਮਾਰੀਆਂ ਗਈਆਂ ਸਨ, ਜਿਸ ਕਾਰਣ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਗੁਪਤ ਅੰਗ 'ਤੇ ਚਾਕੂ ਮਾਰ ਕੇ ਕਾਂਗਰਸੀ ਵਰਕਰ ਦਾ ਕਤਲ
NEXT STORY