ਗੁਰਦਾਸਪੁਰ (ਸੁਨੀਲ)-ਅੱਜ ਫ਼ੀਲਡ ਅਤੇ ਵਰਕਸ਼ਾਪ ਯੂਨੀਅਨ ਦੀ ਇਕ ਮੀਟਿੰਗ ਬਰਾਂਚ ਸਠਿਆਲੀ ਦੇ ਜਨਰਲ ਸਕੱਤਰ ਹਰਦੇਸ਼ ਸਿੰਘ ਦੀ ਪ੍ਰਧਾਨਗੀ ਵਿਚ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਸੋਹਲ, ਸਕੱਤਰ ਭੁਪਿੰਦਰ ਸਿੰਘ ਔਲਖ, ਬਰਾਂਚ ਬਟਾਲਾ ਦੇ ਪ੍ਰਧਾਨ ਗੁਰਦਿਆਲ ਸਿੰਘ ਬਾਜਵਾ ਅਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਵਰਕਰਾਂ ਦੀਆਂ ਮੰਗਾਂ ਬਾਰੇ ਡੁੂੰਘਾਈ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਨਹਿਰਾਂ ਅਤੇ ਰਜਵਾਹਿਆਂ ਦੀ ਹਾਲਤ ਬਹੁਤ ਮੰਦੀ ਹੋ ਗਈ ਹੈ ਅਤੇ ਵੱਖ-ਵੱਖ ਥਾਵਾਂ ’ਤੇ ਲੱਗੇ ਗੇਟਾਂ ਦੀ ਹਾਲਤ ਵੀ ਬਹੁਤ ਖਸਤਾ ਹੋ ਚੁੱਕੀ ਹੈ, ਕਿਉਂਕਿ ਉਨ੍ਹਾਂ ਦੀ ਰਿਪੇਅਰ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਨਹਿਰ ਦੇ ਨੇਡ਼ਲੇ ਲੋਕਾਂ ਵੱਲੋਂ ਥਾਂ-ਥਾਂ ’ਤੇ ਪਸ਼ੂ ਘਾਟ ਬਣਾ ਲਏ ਗਏ ਹਨ। ਜਿਸ ਕਾਰਨ ਨਹਿਰ ਟੁੱਟਣ ਦਾ ਖ਼ਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਹਰਭਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਭਾਗ ਐੱਨ. ਪੀ. ਐੱਸ. ਸਕੀਮ ਤਹਿਤ ਕੱਟੇ ਪੈਸੇ ਵਾਪਸ ਨਹੀਂ ਕਰ ਰਿਹਾ ਅਤੇ ਸਰਕਾਰ ਪੇ ਕਮਿਸ਼ਨ ਅਤੇ ਪੈਂਡਿੰਗ ਪਈਆਂ ਡੀ. ਏ. ਦੀਆਂ ਕਿਸ਼ਤਾਂ ਵੀ ਜਾਰੀ ਨਹੀਂ ਕਰ ਰਿਹਾ। ਜਿਸ ਕਾਰਨ ਕਰਮਚਾਰੀਆਂ ਨੂੰ ਮੰਦੀ ਹਾਲਤ ਵਿੱਚ ਗੁਜ਼ਾਰੇ ਕਰਨੇ ਪੈ ਰਹੇ ਹਨ। ਵਿਭਾਗ ਵੱਲੋਂ ਬੇਲਦਾਰਾਂ ਨੂੰ ਲੋਡ਼ੀਂਦਾ ਸਾਮਾਨ ਕਹੀਆਂ, ਦਾਤੀਆਂ, ਟੋਕਰੀਆਂ ਆਦਿ ਮੁਹੱਈਆ ਨਹੀਂ ਕੀਤਾ ਜਾ ਰਿਹਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਹਰਪਾਲ ਸਿੰਘ, ਤਰਸੇਮ ਮਸੀਹ, ਜੀਵਨ, ਲਖਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕੀਤੀ ਸੰਗਤਾਂ ਨੂੰ ਅਪੀਲ
NEXT STORY