ਲੁਧਿਆਣਾ(ਖੁਰਾਣਾ)-ਪੰਜਾਬ ਦੀ ਸਿਆਸਤ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣ ਦੰਗਲ ਜਿੱਤਣ ਲਈ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵੋਟਰਾਂ ਦੀ ਅਦਾਲਤ ਵਿਚ ਜ਼ਲੀਲ ਕਰਨ ਲਈ ਖੁੱਲ੍ਹ ਕੇ ਇਕ-ਦੂਜੇ ਖਿਲਾਫ ਡਰਟੀ ਫਿਲਮਾਂ ਸੋਸ਼ਲ ਮੀਡੀਆ 'ਤੇ ਜਾਰੀ ਕਰ ਰਹੀਆਂ ਹਨ, ਜਦੋਂ ਕਿ ਵੱਖ-ਵੱਖ ਪਾਰਟੀਆਂ ਨਾਲ ਜੁੜੇ ਅਜਿਹੇ ਆਗੂਆਂ ਨੂੰ ਸੋਸ਼ਲ ਮੀਡੀਆ, ਵਟਸਐਪ ਰਾਹੀਂ ਮੋਬਾਇਲ ਫੋਨਾਂ 'ਤੇ ਭੇਜੀਆਂ ਜਾ ਰਹੀਆਂ ਬਲਿਊ ਫਿਲਮਾਂ ਨੂੰ ਦੇਖ ਕੇ ਵੋਟਰਾਂ ਦੀਆਂ ਅੱਖਾਂ ਸ਼ਰਮ ਨਾਲ ਪਾਣੀ ਪਾਣੀ ਹੋ ਰਹੀਆਂ ਹਨ ਅਤੇ ਆਪਣੇ ਆਗੂਆਂ ਦੀ ਅਜਿਹੀ ਕਰਤੂਤ ਦੇਖ ਕੇ ਜ਼ੁਬਾਨ ਬੇਸ਼ਬਦੀ ਹੋ ਕੇ ਰਹਿ ਗਈ ਹੈ, ਕਿਉਂਕਿ ਮੋਬਾਇਲ ਫੋਨ 'ਤੇ ਅਜਿਹੀਆਂ ਇਤਰਾਜ਼ਯੋਗ ਫਿਲਮਾਂ ਦੇਖ ਕੇ ਔਰਤਾਂ ਅਤੇ ਨੌਜਵਾਨ ਵੋਟਰਾਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪੈਣ ਦੇ ਹਾਲਾਤ ਨੂੰ ਨਕਾਰਿਆ ਨਹੀਂ ਜਾ ਸਕਦਾ। ਤਾਜ਼ਾ ਘਟਨਾ ਬਾਰੇ ਗੱਲ ਕੀਤੀ ਜਾਵੇ ਤਾਂ ਹੁਣ ਜੋ ਡਰਟੀ ਫਿਲਮ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਉਹ ਹੋਰ ਵੀ ਜ਼ਿਆਦਾ ਸ਼ਰਮਸਾਰ ਕਰ ਦੇਣ ਵਾਲਾ ਇਸ ਲਈ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਹੁਣ ਗੁਰਦਾਸਪੁਰ ਦੇ ਐੱਸ. ਡੀ. ਐੱਮ. ਅਤੇ ਸਹਾਇਕ ਰਿਟਰਨਿੰਗ ਅਫਸਰ ਨੇ ਜ਼ਿਲੇ ਦੇ ਪੁਲਸ ਮੁਖੀ ਨੂੰ ਭੇਜੀ ਗਈ ਇਕ ਲਿਖਤੀ ਸ਼ਿਕਾਇਤ ਵਿਚ ਪੋਲਿੰਗ ਅਫਸਰ ਤਰਸੇਮ ਚੰਦਰ 'ਤੇ ਵਟਸਅਪ ਗਰੁੱਪ ਵਿਚ ਇਤਰਾਜ਼ਯੋਗ ਵੀਡੀਓ ਭੇਜਣ ਦਾ ਦੋਸ਼ ਲਾਉਂਦੇ ਹੋਏ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।
ਲੰਗਾਹ, ਸਲਾਰੀਆ ਅਤੇ ਡਿੰਪਾ ਦੀਆਂ ਅਸ਼ਲੀਲ ਫਿਲਮਾਂ ਪੋਸਟ ਹੋਣ ਦੀ ਚਰਚਾ
ਯਾਦ ਰਹੇ ਕਿ ਗੁਰਦਾਸਪੁਰ ਸੀਟ 'ਤੇ ਹੋਣ ਜਾ ਰਹੇ ਚੋਣ ਦੰਗਲ ਤੋਂ ਠੀਕ ਪਹਿਲਾਂ ਜਿੱਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਗੁਰਦਾਸਪੁਰ ਤੋਂ ਭਾਜਪਾ ਦੇ ਚੋਣ ਉਮੀਦਵਾਰ ਸਵਰਣ ਸਲਾਰੀਆ ਅਤੇ ਬਿਆਸ ਦੇ ਕਾਂਗਰਸੀ ਆਗੂ ਜਸਬੀਰ ਸਿੰਘ ਡਿੰਪਾ ਦੀਆਂ ਅਸ਼ਲੀਲ ਫਿਲਮਾਂ ਮੋਬਾਇਲ ਫੋਨ 'ਤੇ ਪੋਸਟ ਹੋਣ ਦੀ ਚਰਚਾ ਮੌਜੂਦਾ ਸਮੇਂ ਵਿਚ ਪੂਰੇ ਉਫਾਨ 'ਤੇ ਚੱਲ ਰਹੀ ਹੈ। ਉਕਤ ਸਾਰੇ ਦਾਅਵਿਆਂ ਨੂੰ ਚਾਹੇ ਲੰਗਾਹ, ਸਲਾਰੀਆ ਅਤੇ ਡਿੰਪਾ ਲਗਾਤਾਰ ਨਕਾਰਦੇ ਹੋਏ ਉਨ੍ਹਾਂ ਵਿਚ ਅਜਿਹੀਆਂ ਗੰਦੀਆਂ ਫਿਲਮਾਂ ਨੂੰ ਹਥਿਆਰ ਬਣਾ ਕੇ ਵੋਟਰਾਂ ਵਿਚ ਪੇਸ਼ ਕਰਨਾ ਇਕ ਗੰਦੀ ਰਾਜਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਗਰੁੱਪ 'ਚ ਵੱਡੀ ਗਿਣਤੀ ਵਿਚ ਸ਼ਾਮਲ ਹਨ ਮਹਿਲਾ ਕਰਮਚਾਰਨਾਂ
ਸ਼ਿਕਾਇਤ ਵਿਚ ਸੁਜਾਨਪੁਰ ਦੇ ਸਹਾਇਕ ਰਿਟਰਨਿੰਗ ਅਫਸਰ ਨੇ ਜ਼ਿਕਰ ਕੀਤਾ ਹੈ ਕਿ ਸੰਸਦੀ ਇਲਾਕੇ ਗੁਰਦਾਸਪੁਰ ਵਿਚ ਸੁਜਾਨਪੁਰ ਵਿਚ ਪੋਲਿੰਗ ਸਟਾਫ ਦੀ ਸਹੂਲਤ ਲਈ ਇਕ ਵਟਸਐਪ ਗਰੁੱਪ ਉੱਚ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਤਿਆਰ ਕੀਤਾ ਸੀ, ਜਿਸ ਵਿਚ ਸੁਜਾਨਪੁਰ ਦੇ ਸਾਰੇ ਪੋਲਿੰਗ ਅਫਸਰ ਅਤੇ ਮਹਿਲਾ ਕਰਮਚਾਰੀ ਵੀ ਸ਼ਾਮਲ ਹਨ। ਦੋਸ਼ਾਂ ਮੁਤਾਬਕ ਗਰੁੱਪ ਵਿਚ ਇਤਰਾਜ਼ਯੋਗ ਵੀਡੀਓ ਕਲਿੱਪ ਭੇਜਣ ਵਾਲਿਆਂ ਵਿਚ ਇਕ ਈ. ਟੀ. ਟੀ. ਟੀਚਰ ਅਤੇ ਬੀ. ਪੀ. ਈ. ਓ. ਸ਼ਾਮਲ ਹੈ, ਜੋ ਕਿ ਪੋਲਿੰਗ ਅਫਸਰ ਵਜੋਂ ਗਰੁੱਪ ਵਿਚ ਸ਼ਾਮਲ ਹਨ। ਐੱਸ. ਡੀ. ਐੱਮ. ਬਰਜਿੰਦਰ ਸਿੰਘ ਨੇ ਉਕਤ ਦੋਵਾਂ ਕਥਿਤ ਦੋਸ਼ੀਆਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਪੱਤਰ ਸਬੰਧਤ ਅਧਿਕਾਰੀਆਂ ਨੂੰ ਭੇਜੇ ਹਨ।
ਮੇਰੇ 'ਤੇ ਲੱਗੇ ਦੋਸ਼ ਝੂਠੇ ਅਤੇ ਬੇਬੁਨਿਆਦ
ਇਸ ਸਬੰਧੀ ਗੱਲ ਕਰਨ 'ਤੇ ਪੋਲਿੰਗ ਅਫਸਰ ਤਰਸੇਮ ਚੰਦਰ ਨੇ ਕਿਹਾ ਕਿ ਮੇਰੇ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।
ਮੈਂ ਕਿਸੇ ਨੂੰ ਵੀ ਇਤਰਾਜ਼ਯੋਗ ਵੀਡੀਓ ਕਲਿਪ ਨਹੀਂ ਭੇਜੀ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਬਜ਼ੁਰਗ ਵਿਅਕਤੀ ਹਾਂ ਅਤੇ ਵੀਡੀਓ ਭੇਜੇ ਜਾਣ ਸਬੰਧੀ ਮੈਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਪਰ ਮੈਂ ਆਪ ਇਸ ਗੱਲ ਤੋਂ ਹੈਰਾਨ ਹਾਂ ਕਿ ਕਿਵੇਂ ਸਾਜ਼ਿਸ਼ਕਰਤਾਵਾਂ ਨੇ ਮੇਰੇ ਮੋਬਾਇਲ ਫੋਨ ਦੀ ਵਰਤੋਂ ਕਰ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੋਦੀ ਸਰਕਾਰ ਦੇ ਸਰਕਾਰੀ ਜਬਰ ਵਿਰੁੱਧ ਕਾਂਗਰਸੀ ਵਰਕਰਾਂ ਦੀ ਮੀਟਿੰਗ
NEXT STORY