ਗੁਰਦਾਸਪੁਰ (ਗੁਰਪ੍ਰੀਤ ਸਿੰਘ): ਗੁਰਦਾਸਪੁਰ ਦੇ ਪਿੰਡ ਦੁਲਟ 'ਚ ਅੱਜ ਦੁਪਹਿਰ ਦੇ ਵਕਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦ ਇਕ ਕਿਸਾਨ ਪਰਿਵਾਰ ਦੇ ਆਪਣੇ ਹੀ ਸ਼ਰੀਕੇ ਪਰਿਵਾਰ ਨਾਲ ਸਾਂਝੇ ਖਾਤੇ ਦੀ ਜ਼ਮੀਨ ਦਾ ਰੌਲ਼ਾ ਵੱਡੀ ਲੜਾਈ ਦਾ ਰੂਪ ਧਾਰ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੋਹਾਂ ਧਿਰਾਂ 'ਚ ਪਹਿਲਾਂ ਹੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਅੱਜ ਜਦੋਂ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋਈਆਂ ਤਾਂ ਉਨ੍ਹਾਂ ਦੀ ਬਹਿਸਬਾਜ਼ੀ ਹੋ ਗਈ। ਗਾਲੀ-ਗਲੌਚ ਤੋਂ ਸ਼ੁਰੂ ਹੋਈ ਤਕਰਾਰ ਦੇਖਦੇ ਹੀ ਦੇਖਦੇ ਖ਼ੂਨੀ ਟਕਰਾਅ ਵਿਚ ਬਦਲ ਗਈ। ਇਸ ਦੌਰਾਨ ਇਕ ਧਿਰ ਵੱਲੋਂ ਫਾਇਰਿੰਗ ਵੀ ਕੀਤੀ ਗਈ। ਇਸ ਫ਼ਾਇਰਿੰਗ ਵਿਚ ਇਕ ਵਿਅਕਤੀ ਦੇ ਗੋਲ਼ੀ ਵੀ ਲੱਗੀ ਹੈ।
ਇਸ ਤਕਰਾਰ 'ਚ ਇਕ ਧਿਰ ਦੇ ਚਾਰ ਵਿਅਕਤੀ ਅਤੇ ਇਕ ਧਿਰ ਦੇ ਦੋ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਲਿਆਂਦਾ ਗਿਆ। ਇੱਥੇ ਚਾਰ ਦੀ ਹਾਲਤ ਗੰਭੀਰ ਦੱਸਦੇ ਹੋਏ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਹੈ। ਉੱਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ ਅਤੇ ਇਸ ਮਾਮਲੇ 'ਚ ਬਿਆਨ ਦਰਜ ਕਰ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਤਕਰਾਰ 'ਚ ਫਾਇਰਿੰਗ ਵੀ ਹੋਈ ਹੈ ਅਤੇ ਗੋਲ਼ੀ ਲੱਗਣ ਨਾਲ ਇਕ ਵਿਅਕਤੀ ਜ਼ਖ਼ਮੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਫਾਇਰ ਕਿਸ ਵੱਲੋਂ ਕਿਤੇ ਗਏ ਅਤੇ ਕਿੰਨੇ ਫਾਇਰ ਹੋਏ ਹਨ।
ਲੁਧਿਆਣਾ 'ਚ 200 ਫੁੱਟ ਉੱਚੇ ਟਾਵਰ 'ਤੇ ਜਾ ਚੜ੍ਹੀ ਵਿਆਹੁਤਾ! ਕਹਿੰਦੀ- 'ਮੇਰੇ ਪਤੀ ਨੇ...'
NEXT STORY