ਗੁਰਦਾਸਪੁਰ (ਵਿਨੋਦ) : ਅੱਜ ਪੁਲਸ ਸਟੇਸ਼ਨ ਬਹਿਰਾਮਪੁਰ ਨਾਲ ਸਬੰਧਤ ਪਿੰਡ ਨਿਆਮਤਾ 'ਚ ਛੁੱਟੀ 'ਤੇ ਆਏ ਇਕ ਫੌਜੀ ਨੇ ਭਰਾ ਨਾਲ ਮਿਲ ਕੇ ਇਕ 31 ਸਾਲਾ ਨੌਜਵਾਨ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਫੌਜੀ ਅਤੇ ਉਸ ਦੇ ਭਰਾ ਦੇ ਖਿਲਾਫ ਧਾਰਾ 302, 34 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਬਹਿਰਾਮਪੁਰ ਦੀ ਮੁਖੀ ਮਨਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭੈਣ ਗੁਲਸ਼ਨ ਸੈਣੀ ਪੁੱਤਰੀ ਅਜੀਤ ਸਿੰਘ ਵਾਸੀ ਪਿੰਡ ਨਿਆਮਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਸ ਦਾ ਤਲਾਕ ਹੋਣ ਕਾਰਨ ਉਹ ਪਿਛਲੇ ਕਰੀਬ 20 ਸਾਲਾਂ ਤੋਂ ਆਪਣੇ ਪੇਕੇ ਪਿੰਡ ਆਪਣੀ ਮਾਤਾ ਭਜਨ ਕੌਰ ਤੇ ਭਰਾ ਟਹਿਲ ਸਿੰਘ ਨਾਲ ਆਪਣੇ ਬੇਟੇ ਸਮੇਤ ਰਹਿ ਰਹੀ ਹੈ। 18 ਜੂਨ ਦੀ ਸ਼ਾਮ ਨੂੰ ਕਰੀਬ 8 ਵਜੇ ਉਸਦਾ ਭਰਾ ਟਹਿਲ ਸਿੰਘ ਘਰੋਂ ਬਾਹਰ ਗਿਆ ਪਰ ਸਾਢੇ 9 ਵਜੇ ਤੱਕ ਵਾਪਸ ਨਹੀਂ ਆਇਆ, ਜਿਸ ਕਾਰਣ ਜਦੋਂ ਉਹ ਉਸ ਨੂੰ ਲੱਭਦੀ ਹੋਈ ਪ੍ਰਿੰਸ ਸੈਣੀ ਦੇ ਪੋਲਟਰੀ ਫਾਰਮ 'ਤੇ ਪੁੱਜੀ ਤਾਂ ਉੱਥੇ ਜਸਬੀਰ ਸਿੰਘ ਅਤੇ ਮਹਿੰਦਰ ਸਿੰਘ ਪੁੱਤਰਾਨ ਦਲਜੀਤ ਸਿੰਘ ਵਾਸੀ ਨਿਆਮਤਾ ਉਸਦੇ ਭਰਾ ਨਾਲ ਬਹਿਸ਼ ਕਰ ਰਹੇ ਸਨ।
ਉਸਨੇ ਦੱਸਿਆ ਕਿ ਪ੍ਰਿੰਸ ਸੈਣੀ ਉਨ੍ਹਾਂ ਨੂੰ ਸਮਝਾ ਰਿਹਾ ਸੀ ਪਰ ਦੇਖਦੇ ਹੀ ਦੇਖਦੇ ਜਸਬੀਰ ਅਤੇ ਮਹਿੰਦਰ ਉਸਦੇ ਭਰਾ ਦੇ ਨਾਲ ਗੁੱਥਮ-ਗੁੱਥਾ ਹੋ ਗਏ ਅਤੇ ਜਸਬੀਰ ਨੇ ਆਪਣੇ ਪਿਸਤੌਲ ਨਾਲ ਟਹਿਲ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਜਦੋਂ ਉਸਨੇ ਰੌਲਾ ਪਾਇਆ ਤਾਂ ਉਕਤ ਦੋਵੇਂ ਭਰਾ ਫਰਾਰ ਹੋ ਗਏ। ਟਹਿਲ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉਕਤ ਔਰਤ ਨੇ ਦੋਸ਼ ਲਾਏ ਹਨ ਕਿ ਜਸਬੀਰ ਅਤੇ ਮਹਿੰਦਰ ਪਹਿਲਾਂ ਵੀ ਉਸਦੇ ਭਰਾ ਨਾਲ ਉਲਝ ਚੁੱਕੇ ਸਨ, ਕਿਉਂਕਿ ਉਹ ਦੋਵੇਂ ਉਸਦੀ (ਗੁਲਸ਼ਨ) ਸ਼ਾਨ ਖਿਲਾਫ ਗੱਲਾਂ ਕਰਦੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਜਸਬੀਰ ਸਿੰਘ ਫੌਜੀ ਹੈ, ਜੋ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ ਅਤੇ ਉਸ ਕੋਲ ਲਾਇਸੈਂਸੀ ਪਿਸਤੌਲ ਸੀ। ਜਿਸ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੂੰ ਬਦਲਣ ਦੇ ਬਾਅਦ ਪੰਜਾਬ 'ਚ ਵੀ ਹੋ ਸਕਦਾ ਹੈ ਬਦਲਾਅ
NEXT STORY