ਅੰਮ੍ਰਿਤਸਰ (ਦੀਪਕ ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੇਪਾਲ ਦੀਆਂ ਸੰਗਤਾਂ ਵਲੋਂ ਕਾਠਮੰਡੂ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਕਾਠਮੰਡੂ ਵਿਖੇ ਹੋਏ ਇਸ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਨੇਪਾਲ 'ਚ ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ 'ਚ ਨੇਪਾਲ ਦੀਆਂ ਸੰਗਤਾਂ ਵਲੋਂ ਗੁਰਮਤਿ ਸਮਾਗਮ ਇਕ ਚੰਗਾ ਉੱਦਮ ਹੈ।
ਉਨ੍ਹਾਂ ਨੇ ਨੇਪਾਲ ਦੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਦਿੱਤਾ ਅਤੇ ਨੇਪਾਲ 'ਚ ਸਿੱਖੀ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਅਤੇ ਸਾਡਾ ਸਭ ਦਾ ਸਾਂਝਾ ਫਰਜ ਹੈ ਕਿ ਇਸ ਸਮੇਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦਾ ਵੱਧ ਵੱਧ ਪ੍ਰਚਾਰ ਕਰੀਏ। ਇਸ ਮੌਕੇ ਭਾਰਤੀ ਅੰਬੈਸਡਰ ਸ. ਮਨਜੀਵ ਸਿੰਘ ਪੁਰੀ ਸਮੇਤ ਹੋਰਨਾਂ ਸ਼ਖਸੀਅਤਾਂ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਪ੍ਰੀਤਮ ਸਿੰਘ ਨੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਨਿਭਾਈ। ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ ਤੇ ਹੋਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਸ਼ਟਰ ਬੈਂਕ ਦੇ ਗਵਰਨਰ ਸ੍ਰੀ ਚਿਰੰਜੀ ਬੀ ਨੇਪਾਲ, ਭਾਰਤੀ ਸਫਾਰਤਖਾਨੇ ਦੇ ਸਕੱਤਰ ਡਾ. ਪ੍ਰਭਜੀਤ ਸਿੰਘ ਗੁਲਾਟੀ, ਰਵਿੰਦਰ ਸਿੰਘ ਸੇਠੀ, ਜੀਤ ਸਿੰਘ ਮੌਜੂਦ ਸਨ। ਇਸੇ ਦੌਰਾਨ ਭਾਈ ਲੌਂਗੋਵਾਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਗਰੇਵਾਲ ਤੇ ਹੋਰਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁਸ਼ੋਭਿਤ ਗੁਰਦੁਆਰਾ ਗੁਰੂ ਨਾਨਕ ਮੱਠ ਸਾਹਿਬ ਦੇ ਵੀ ਦਰਸ਼ਨ ਕੀਤੇ। ਵਰਨਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਮੌਕੇ ਨੇਪਾਲ ਗਏ ਸਨ।
ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY