ਪਟਿਆਲਾ(ਜੋਸਨ, ਬਲਜਿੰਦਰ, ਰਾਜੇਸ਼, ਪਰਮੀਤ)-ਜ਼ਿਲਾ ਪ੍ਰਸ਼ਾਸਨ ਵੱਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਅੱਜ ਪਟਿਆਲਾ ਵਿਚ ਦੁਪਹਿਰੇ 2 ਵਜੇ ਤੋਂ 29 ਅਗਸਤ ਨੂੰ ਸਵੇਰੇ 6 ਵਜੇ ਤੱਕ 16 ਘੰਟੇ ਲਈ ਕਰਫਿਊ ਲਾਉਣ ਦੇ ਹੁਕਮ ਕੀਤੇ ਗਏ ਹਨ। ਜ਼ਿਲਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਹ ਕਰਫਿਊ 29 ਅਗਸਤ ਨੂੰ ਸਵੇਰੇ 6 ਵਜੇ ਖੁੱਲ੍ਹੇਗਾ।
ਮੰਗਲਵਾਰ ਨੂੰ ਸਾਰੇ ਦਫਤਰ ਤੇ ਵਿਦਿਅਕ ਅਦਾਰੇ ਵੀ ਆਮ ਵਾਂਗ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਸ਼ਾਂਤ ਤੇ ਕਾਬੂ ਹੇਠ ਰੱਖਣ ਦੇ ਮੱਦੇਨਜ਼ਰ ਜ਼ਿਲੇ ਵਿਚ ਅਮਨ-ਕਾਨੂੰਨ ਦੀ ਸਥਿਤੀ ਖਰਾਬ ਹੋਣ ਦੇ ਖਦਸ਼ੇ, ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਰਫਿਊ ਲਾਇਆ ਗਿਆ ਹੈ। ਹੁਕਮਾਂ ਮੁਤਾਬਕ ਇਸ ਸਮੇਂ ਦੌਰਾਨ ਜ਼ਿਲੇ ਦੀ ਹਦੂਦ ਅੰਦਰ ਆਮ ਜਨਤਾ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਇਹ ਹੁਕਮ ਸੁਰੱਖਿਆ ਅਮਲੇ-ਡਿਊਟੀ 'ਤੇ ਤਾਇਨਾਤ ਪੁਲਸ-ਆਰਮੀ ਅਤੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਜ਼ਿਲਾ ਮੈਜਿਸਟ੍ਰੇਟ/ਵਧੀਕ ਜ਼ਿਲਾ ਮੈਜਿਸਟ੍ਰੇਟ/ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕਰਫਿਊ ਪਾਸ ਜਾਂ ਪਰਮਿਟ ਜਾਰੀ ਕੀਤੇ ਹੋਣਗੇ। ਇਸ ਤੋਂ ਇਲਾਵਾ ਮੈਡੀਕਲ ਐਮਰਜੈਂਸੀ ਅਤੇ ਕੋਈ ਹੋਰ ਐਮਰਜੈਂਸੀ ਜਿਸ ਨਾਲ ਕਿਸੇ ਦੀ ਜਾਨ-ਮਾਲ ਨੂੰ ਖਤਰਾ ਹੋਵੇ, ਨੂੰ ਵੀ ਇਨ੍ਹਾਂ ਹੁਕਮਾਂ ਤੋਂ ਛੋਟ ਹੋਵੇਗੀ।
ਹੁਕਮ ਨਾ ਮੰਨਣ ਵਾਲੇ 2 ਠੇਕੇਦਾਰ ਦੇ ਕਰਿੰਦਿਆਂ ਨੂੰ ਚਾੜ੍ਹਿਆ ਕੁਟਾਪਾ
ਕਰਫਿਊ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਵੀ ਠੇਕੇਦਾਰਾਂ ਵੱਲੋਂ ਸਾਈਂ ਮਾਰਕੀਟ ਅਤੇ ਭੁਪਿੰਦਰਾ ਰੋਡ ਵਾਲੇ ਸ਼ਰਾਬ ਦੇ ਠੇਕੇ ਬੰਦ ਨਾ ਕਰਨ 'ਤੇ ਗੁੱਸੇ ਵਿਚ ਆਏ ਪੁਲਸ ਅਧਿਕਾਰੀਆਂ ਨੇ ਦੋਵੇਂ ਠੇਕੇ ਬੰਦ ਕਰਵਾਏ। ਐੈੱਸ. ਐੈੱਚ. ਓ. ਡਵੀਜ਼ਨ ਨੰਬਰ 2 ਸੁਰਿੰਦਰ ਭੱਲਾ ਨੇ ਜਿਉਂ ਹੀ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਤਾਂ ਕਰਿੰਦਿਆਂ ਨੇ ਆਨਾਕਾਨੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੈ ਕੇ ਪੁਲਸ ਨੂੰ ਛਿੱਤਰ-ਪ੍ਰੇਡ ਵੀ ਕਰਨੀ ਪਈ। ਇਸੇ ਤਰ੍ਹਾਂ ਭੁਪਿੰਦਰਾ ਰੋਡ 'ਤੇ ਸਿਟੀ ਸੈਂਟਰ ਮਾਰਕੀਟ ਕੋਲ ਸਥਿਤ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਵੀ ਕਰਫਿਊ ਦੇ ਬਾਵਜੂਦ ਠੇਕਾ ਬੰਦ ਨਹੀਂ ਕੀਤਾ ਗਿਆ ਸੀ। ਇਸ ਦੀ ਸੂਚਨਾ ਕਿਸੇ ਨੇ ਐੱਸ. ਐੱਚ. ਓ. ਸਿਵਲ ਲਾਈਨਜ਼ ਇੰਸ. ਜੇ. ਐੱਸ. ਰੰਧਾਵਾ ਨੂੰ ਦਿੱਤੀ। ਐੈੱਸ. ਐੈੱਚ. ਓ. ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅਤੇ ਠੇਕਾ ਬੰਦ ਕਰਵਾਇਆ। ਕਰਿੰਦਿਆਂ ਨੂੰ ਹਿਰਾਸਤ ਵਿਚ ਲੈ ਲਿਆ।
ਸੜਕਾਂ 'ਤੇ ਮਸਤੀ ਕਰਨ ਵਾਲਿਆਂ ਦੀ ਛਿੱਤਰ-ਪ੍ਰੇਡ
ਕਰਫਿਊ ਦੇ ਐਲਾਨ ਤੋਂ ਬਾਅਦ ਕਈ ਮਨਚਲੇ ਸੜਕ 'ਤੇ ਮਸਤੀ ਕਰਦੇ ਦੇਖੇ ਗਏ ਤਾਂ ਪੁਲਸ ਨੇ ਉਨ੍ਹਾਂ ਦੀ ਚੰਗੀ ਛਿੱਤਰ-ਪ੍ਰੇਡ ਕੀਤੀ। ਆਮ ਦਿਨਾਂ ਦੇ ਭੁਲੇਖੇ ਮਸਤੀ ਕਰਨ ਦੇ ਮੂਡ ਵਿਚ ਉਤਰੇ ਇਨ੍ਹਾਂ ਮਨਚਲਿਆਂ ਨੂੰ ਕਰਫਿਊ ਦੌਰਾਨ ਮਸਤੀ ਮਹਿੰਗੀ ਪੈ ਗਈ। ਪਟਿਆਲਾ ਵਿਚ 80 ਤੋਂ 90 ਦੇ ਦਹਾਕੇ 'ਚ ਜ਼ਿਆਦਾਤਰ ਕਰਫਿਊ ਲੱਗੇ। ਉਸ ਤੋਂ ਬਾਅਦ ਹੁਣ ਜਾ ਕੇ ਕਰਫਿਊ ਦੀ ਨੌਬਤ ਆਈ। ਇਸ ਕਾਰਨ ਨਵੀਂ ਪੀੜ੍ਹੀ ਲਈ ਕਰਫਿਊ ਲੱਗਣਾ ਅਤੇ ਉਸ ਦੌਰਾਨ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ, ਇਹ ਪਹਿਲਾ ਤਜਰਬਾ ਹੈ। ਕੁੱਝ ਨੌਜਵਾਨਾਂ ਵੱਲੋਂ ਕਰਫਿਊ ਨੂੰ ਗੰਭੀਰਤਾ ਨਾਲ ਨਾ ਲੈਣ 'ਤੇ ਪੁਲਸ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਗਈ।
ਦਹਿਸ਼ਤ ਦੇ ਹਾਲਾਤ ਦਾ ਅਸਰ ਮਰੀਜ਼ਾਂ 'ਤੇ ਵੀ
NEXT STORY