ਹੁਸ਼ਿਆਰਪੁਰ(ਸਮੀਰ)— ਦੇਸ਼ 'ਚ ਵਾਪਰ ਰਹੀਆਂ ਗੁੱਤ ਕੱਟਣ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ, ਯੂ. ਪੀ, ਬਿਹਾਰ, ਉੱਤਰਾਖੰਡ ਤੋਂ ਬਾਅਦ ਗੁੱਤ ਕੱਟਣ ਵਾਲੀ ਘਟਨਾ ਪੰਜਾਬ 'ਚ ਵੀ ਚਾਲੂ ਹੋ ਗਈ ਹੈ। ਪੰਜਾਬ 'ਚ ਵੀ ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ 'ਚੋਂ ਇਹੋਂ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਅਤੇ ਮਲੋਟ ਤੋਂ ਬਾਅਦ ਹੁਣ ਇਸੇ ਤਰ੍ਹਾਂ ਦਾ ਮਾਮਲਾ ਐਤਵਾਰ ਨੂੰ ਹੁਸ਼ਿਆਰਪੁਰ ਦੇ ਸੁੰਦਰ ਨਗਰ ਇਲਾਕੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਮਹਿਲਾ ਨੇ ਦੱਸਿਆ ਕਿ ਅੱਧੀ ਰਾਤ ਦੇ ਸਮੇਂ ਉਸ ਦੇ ਕਿਸੇ ਨੇ ਵਾਲ ਕੱਟ ਲਏ। ਜ਼ਿਕਰਯੋਗ ਹੈ ਕਿ ਇਥੋਂ ਦੀ ਰਹਿਣ ਵਾਲੀ ਰਾਮਕਲੀ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਸੁੱਤੀ ਹੋਈ ਸੀ ਕਿ ਅੱਧੀ ਰਾਤ ਨੂੰ ਉਸ ਦੇ ਵਾਲਾਂ 'ਚ ਕੋਈ ਹਰਕਤ ਹੋਣ ਲੱਗੀ ਅਤੇ ਉਸ ਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗਾ। ਜਦੋਂ ਉਸ ਨੇ ਸਵੇਰੇ ਦੇਖਿਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ। 
ਉਥੇ ਹੀ ਦੂਜੇ ਪਾਸੇ ਰਾਮਕਲੀ ਦੀ ਬੇਟੀ ਸੁਗੰਧਾ ਨੇ ਦੱਸਿਆ ਕਿ ਉਸ ਦੀ ਮਾਂ ਰਾਤ ਨੂੰ ਅਜੀਬ ਜਿਹੀਆਂ ਗੱਲਾਂ ਕਰਨ ਲੱਗ ਸੀ ਅਤੇ ਉਸ ਨੇ ਉਸ ਨੂੰ ਕਿਹਾ ਕਿ ਉਸ ਦੇ ਵਾਲਾਂ 'ਚ ਕੁਝ ਹੋ ਰਿਹਾ ਹੈ ਅਤੇ ਉਸ ਨੂੰ ਲਾਲ ਰੰਗ ਦੇ ਕੱਪੜੇ ਪਾਓ। ਇਸ ਦੌਰਾਨ ਉਸ ਦੀ ਮਾਂ ਦੀ ਰਾਤ ਦੇ ਸਮੇਂ ਸਿਹਤ ਖਰਾਬ ਹੋ ਗਈ ਅਤੇ ਜਦੋਂ ਸਵੇਰੇ ਦੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਸਿਰ ਦੇ ਵਿੱਚੋਂ ਕੁਝ ਵਾਲ ਕੱਟੇ ਹੋਏ ਸਨ।
ਮੌਕੇ 'ਤੇ ਪਹੁੰਚੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। 21ਵੀਂ ਸਦੀ 'ਚ ਅੱਜ ਵੀ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਕਰਨ ਵਿੱਚ ਜਦ ਭਰੋਸਾ ਕਰਦੇ ਹਨ ਤਾਂ ਬੇਹੱਦ ਅਜੀਬ ਲੱਗਦਾ ਹੈ। ਪਰ ਅਜੇ ਵੀ ਸੁੰਦਰ ਨਗਰ ਇਲਾਕੇ ਦੇ ਕੁਝ ਲੋਕਾਂ ਨੇ ਆਪਣੇ ਘਰ ਦੇ ਬਾਹਰ ਨਿੰਮ ਦੇ ਪੱਤੇ ਅਤੇ ਹੱਥ ਦੇ ਨਿਸ਼ਾਨ ਘਰਾਂ ਦੇ ਬਾਹਰ ਲਗਾਉਣੇ ਚਾਲੂ ਕੀਤੇ ਹੋਏ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਰਾਮਕਲੀ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਦਾਜ ਦੀ ਖਾਤਿਰ ਨੂੰਹਾਂ ਨੂੰ ਘਰੋਂ ਕੱਢਿਆ
NEXT STORY