ਅਜਨਾਲਾ, (ਫਰਿਆਦ, ਅਰੁਣ)- ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਭੋਏਵਾਲੀ ਦੀ 2 ਬੱਚਿਆਂ ਦੀ ਮਾਂ ਵੱਲੋਂ ਆਪਣੇ ਪਤੀ ਦੀ ਕੁੱਟ-ਮਾਰ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕਾ ਮਮਤਾ ਦੀ ਮਾਤਾ ਵੀਨਾ ਵਾਸੀ ਜੈਰਾਮਕੋਟ (ਭਿੰਡੀ ਸੈਦਾਂ) ਵੱਲੋਂ ਅਜਨਾਲਾ ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਗਿਆ ਹੈ ਕਿ ਉਸ ਦੀ ਲੜਕੀ ਮਮਤਾ (22 ਸਾਲ) ਦਾ ਵਿਆਹ 2014 ’ਚ ਵਿਲੀਅਮ ਮਸੀਹ ਪੁੱਤਰ ਸੁੱਚਾ ਮਸੀਹ ਵਾਸੀ ਪਿੰਡ ਭੋਏਵਾਲੀ ਨਾਲ ਰੀਤੀ-ਰਿਵਾਜ਼ਾਂ ਤਹਿਤ ਹੋਇਆ ਸੀ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਹੈਸੀਅਤ ਮੁਤਾਬਕ ਇਸਤਰੀ ਧੰਨ ਵੀ ਦਿੱਤਾ ਗਿਆ। ਉਪਰੰਤ ਉਸ ਦੀ ਲੜਕੀ ਦੀ ਕੁੱਖੋਂ 1 ਲੜਕਾ ਅਤੇ 1 ਲੜਕੀ ਪੈਦਾ ਹੋਈ। ਇਸ ਦੌਰਾਨ ਉਸ ਦੇ ਜਵਾਈ ਵਿਲੀਅਮ ਨੇ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਅਤੇ ਉਨ੍ਹਾਂ ਵੱਲੋਂ 1-2 ਵਾਰ ਉਸ ਨੂੰ ਪੈਸੇ ਵੀ ਦਿੱਤੇ ਗਏ ਪਰ ਇਨ੍ਹਾਂ ਦੋਵਾਂ ਵਿਚਾਲੇ ਹਮੇਸ਼ਾ ਮਾਮੂਲੀ ਗੱਲਾਂ ਤੋਂ ਝਗੜਾ ਰਹਿੰਦਾ ਸੀ, ਜਿਸ ਬਾਰੇ ਕਈ ਵਾਰ ਉਸ ਦੀ ਲੜਕੀ ਦੇ ਦੱਸਣ ’ਤੇ ਉਨ੍ਹਾਂ ਨੇ ਆਪਣੇ ਜਵਾਈ ਨੂੰ ਝਗੜਾ ਨਾ ਕਰਨ ਬਾਰੇ ਸਮਝਾਇਆ ਸੀ ਪਰ ਇਸ ਦੇ ਬਾਵਜੂਦ ਉਸ ਦਾ ਜਵਾਈ ਵਿਲੀਅਮ ਲੜਦਾ ਰਹਿੰਦਾ ਸੀ। ਮ੍ਰਿਤਕਾ ਦੀ ਮਾਤਾ ਵੀਨਾ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ 28 ਫਰਵਰੀ 2021 ਨੂੰ ਸਮਾਂ ਕਰੀਬ ਰਾਤ 9.30 ਵਜੇ ਦਾ ਸੀ ਕਿ ਵਿਲੀਅਮ ਦੀ ਮਾਤਾ ਪੁੰਨਾ ਦਾ ਫੋਨ ਆਇਆ ਕਿ ਵਿਲੀਅਮ ਨੇ ਮਮਤਾ ਨਾਲ ਝਗੜਾ ਕੀਤਾ ਹੈ ਅਤੇ ਮਮਤਾ ਨੇ ਗੁੱਸੇ ’ਚ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਹੈ, ਜਿਸ ਦੀ ਹਾਲਤ ਖਰਾਬ ਹੋਣ ਕਰ ਕੇ ਉਨ੍ਹਾਂ ਨੇ ਮਮਤਾ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਹੈ ਪਰ ਜਦੋਂ ਮੈਂ ਆਪਣੇ ਪਰਿਵਾਰ ਸਣੇ ਉਕਤ ਹਸਪਤਾਲ ਅੰਮ੍ਰਿਤਸਰ ਪੁੱਜੀ ਤਾਂ ਮੇਰੀ ਲੜਕੀ ਮਮਤਾ ਜ਼ੇਰੇ ਇਲਾਜ ਸੀ, ਦੌਰਾਨ ਹੀ ਉਸ ਦੀ ਲੜਕੀ ਦੀ ਮੌਤ ਹੋ ਗਈ। ਉਧਰ ਪੁਲਸ ਥਾਣਾ ਅਜਨਾਲਾ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਵਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਭਰਨ ਦੇ ਨਿਰਦੇਸ਼
NEXT STORY