ਜਲੰਧਰ (ਬਿਊਰੋ) - ਪੰਜਾਬੀ ਗਾਇਕ ਹਰਫ ਚੀਮਾ ਅੱਜ-ਕੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਕਿਸਾਨ ਵੀਰਾਂ ਦਾ ਪੂਰਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਕ ਤਸਵੀਰ ਕਿਸਾਨੀ ਧਰਨੇ ਪ੍ਰਦਰਸ਼ਨ ਦੌਰਾਨ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕਿਸਾਨ ਧਰਨੇ 'ਚ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਬੱਚਾ ਕਿਸਾਨੀ ਵਾਲਾ ਝੰਡਾ ਚੁੱਕਿਆ ਭੱਜਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਹਰਫ ਚੀਮਾ ਨੇ ਲਿਖਿਆ ਹੈ- 'ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਮਾਣ ਮਹਿਸੂਸ ਕਰਦੀ ਹੋਣੀ ਹੈ ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲੱਗਿਆ ਕਿ ਇਥੇ ਹਰ ਘਰ ਵਿਚ ਹੀ ਸਿਕੰਦਰ ਮਹਾਨ ਹੈ।' ਉਨ੍ਹਾਂ ਨੇ ਅੱਗੇ ਲਿਖਿਆ ਹੈ, 'ਪੰਜਾਬ ਨਾਲ ਜਿਸ ਨੇ ਵੀ ਪੰਗਾ ਲਿਆ ਹੈ ਉਸ ਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ-ਘਰ ਪੈਦਾ ਕਰ ਦਿੱਤੇ ਹਨ।'
ਦੱਸਣਯੋਗ ਹੈ ਕਿ ਖੇਤੀ ਬਿੱਲਾਂ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨ ਲਗਾਤਾਰ ਕਈ-ਕਈ ਥਾਵਾਂ 'ਤੇ ਧਰਨੇ ਲਗਾ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਧਰਨਿਆਂ 'ਚ ਲਗਾਤਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ।
ਦਿੱਲੀ ਤੋਂ ਆਈ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਟੀਮ ਜਲਾਲਪੁਰ ਕਾਂਡ ਦੇ ਪੀੜਤਾਂ ਨੂੰ ਮਿਲੀ
NEXT STORY