ਜਲੰਧਰ (ਚੋਪੜਾ)— ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ 10 ਨਵੰਬਰ ਨੂੰ ਜਲੰਧਰ ਦੌਰੇ 'ਤੇ ਆ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬੀਮਾਰ ਹੋਣ ਕਾਰਨ ਪ੍ਰਦੇਸ਼ ਇੰਚਾਰਜ ਦੇ ਨਾਲ ਮੌਜੂਦ ਨਹੀਂ ਹੋਣਗੇ। ਜਾਖੜ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਹੈ। ਹਰੀਸ਼ ਰਾਵਤ ਸਵੇਰੇ ਨਕੋਦਰ 'ਚ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਰਵਾਈ ਜਾ ਰਹੀ ਟਰੈਕਟਰ ਰੈਲੀ 'ਚ ਸ਼ਾਮਲ ਹੋਣਗੇ, ਜਿਸ ਉਪਰੰਤ ਉਹ ਸ਼ਾਮ 4 ਵਜੇ ਸਥਾਨਕ ਰਜਿੰਦਰ ਨਗਰ 'ਚ ਸਥਿਤ ਕਾਂਗਰਸ ਦਫ਼ਤਰ 'ਚ ਵਰਕਰਾਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਦੀ ਨਬਜ਼ ਟਟੋਲਣਗੇ ਅਤੇ ਉਨ੍ਹਾਂ ਦੀਆਂ ਦਿੱਕਤਾਂ ਸੁਣਨਗੇ।
ਇਹ ਮੀਟਿੰਗ ਜ਼ਿਲ੍ਹਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾਵੇਗੀ, ਜਿਸ 'ਚ ਜਲੰਧਰ ਜ਼ਿਲ੍ਹੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ 'ਚ ਜਲੰਧਰ ਵੈਸਟ, ਜਲੰਧਰ ਸੈਂਟਰਲ, ਜਲੰਧਰ ਨਾਰਥ, ਜਲੰਧਰ ਕੈਂਟ, ਕਰਤਾਰਪੁਰ, ਨਕੋਦਰ, ਆਦਮਪੁਰ, ਸ਼ਾਹਕੋਟ ਅਤੇ ਫਿਲੌਰ ਹਲਕੇ ਨਾਲ ਸਬੰਧਤ ਕਾਂਗਰਸ ਦੇ ਵਰਕਰ ਸ਼ਾਮਲ ਹੋਣਗੇ। ਇਸ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਪ੍ਰਦੇਸ਼ ਇੰਚਾਰਜ ਦੇ ਦੌਰੇ ਨੂੰ ਲੈ ਕੇ ਕਾਂਗਰਸ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕਾਂਗਰਸ ਦੇ ਕੇਡਰ 'ਚ ਉਪਜਿਆ ਰੋਸ ਤੇ ਧੜੇਬੰਦੀ ਨਾਲ ਸਿੱਝਣਾ ਰਾਵਤ ਲਈ ਸਾਬਿਤ ਹੋਵੇਗਾ ਚੁਣੌਤੀ
ਪੰਜਾਬ 'ਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸੱਤਾ 'ਚ ਹੈ ਪਰ 4 ਸਾਲ 'ਚ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਜਿੱਥੇ ਕਾਂਗਰਸ ਦਾ ਵੱਡਾ ਕੇਡਰ ਆਪਣੇ ਘਰਾਂ 'ਚ ਚੁੱਪਚਾਪ ਬੈਠ ਗਿਆ ਹੈ ਅਤੇ ਉਥੇ ਹੀ ਸਰਕਾਰ 'ਚ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਵਰਕਰਾਂ 'ਚ ਪਾਰਟੀ ਲੀਡਰਸ਼ਿਪ ਖ਼ਿਲਾਫ਼ ਰੋਸ ਹੈ।
ਹਰੀਸ਼ ਰਾਵਤ ਨੂੰ ਆਪਣੇ ਦੌਰੇ ਦੌਰਾਨ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਕਾਂਗਰਸ 'ਚ ਧੜੇਬੰਦੀ ਨਾਲ ਨਜਿੱਠਣਾ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਿਤ ਹੋਵੇਗਾ ਕਿਉਂਕਿ ਕਾਂਗਰਸ ਦੇ ਬਹੁਤੇ ਸੀਨੀਅਰ ਲੀਡਰਾਂ ਦਾ ਆਪਸ ਵਿਚ ਕੋਈ ਤਾਲਮੇਲ ਨਹੀਂ ਹੈ, ਜਿਸ ਕਾਰਨ ਜ਼ਿਲ੍ਹੇ ਦਾ ਹਰ ਵਿਧਾਇਕ ਅਤੇ ਵੱਡੇ ਆਗੂ ਆਪਣਾ ਧੜਾ ਬਣਾ ਕੇ ਕੰਮ ਕਰਦਾ ਆ ਰਿਹਾ ਹੈ। ਇੰਨਾ ਹੀ ਨਹੀਂ, ਕਾਂਗਰਸ ਦੇ ਫਰੰਟੀਅਲ ਸੰਗਠਨ ਅਤੇ ਕੌਂਸਲਰ, ਨਗਰ ਕੌਂਸਲ ਦੇ ਪ੍ਰਧਾਨ, ਪੰਚ ਅਤੇ ਸਰਪੰਚ ਤੱਕ ਪਾਰਟੀ ਦੀਆਂ ਸਰਗਰਮੀਆਂ ਵੱਲੋਂ ਮੂੰਹ ਮੋੜ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਹਰੀਸ਼ ਰਾਵਤ ਦਾ ਜ਼ਿਲ੍ਹੇ ਦਾ ਦੌਰਾ ਕਾਂਗਰਸ 'ਚ ਨਵੀਂ ਜਾਨ ਫੂਕ ਪਾਉਂਦਾ ਹੈ ਜਾਂ ਸਿਰਫ਼ ਖਾਨਾਪੂਰਤੀ ਹੀ ਸਾਬਿਤ ਹੋਵੇਗਾ।
ਵੰਡ 1947 ਤੋਂ ਪਹਿਲਾਂ ਦੀ ਕਹਾਣੀ ਜਾਣੋਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ
NEXT STORY