ਮੋਗਾ (ਗੋਪੀ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਜ਼ਿਲਾ ਕਚਹਿਰੀਆਂ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਬੰਧੀ ਐੱਸ. ਆਈ. ਟੀ. ਬਣਾਉਣਾ ਸਿਰਫ ਇਕ ਡਰਾਮਾ ਹੈ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਅਣਗਹਿਲੀ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਅਤੇ ਉਨ੍ਹਾਂ ਵਿਰੁੱਧ ਹਰ ਹਾਲ 'ਚ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਹਕੂਮਤ ਨੇ ਉਸ ਵੇਲੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਜਿੱਥੇ ਇਹ ਮਾਮਲਾ ਵਧਣ ਤੋਂ ਪਹਿਲਾਂ ਹੀ ਦੋਸ਼ੀਆਂ ਵਿਰੁੱਧ ਕਾਰਵਾਈ ਹੋ ਜਾਣੀ ਸੀ, ਉੱਥੇ ਹੀ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਵੀ ਗੋਲੀਆਂ ਦਾ ਸ਼ਿਕਾਰ ਨਹੀਂ ਹੋਣਾ ਪੈਣਾ ਸੀ। ਅਕਾਲੀ ਸਰਕਾਰ ਨੇ ਜਾਣ-ਬੁੱਝ ਕੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਉਨ੍ਹਾਂ ਪਾਰਟੀ ਤੋਂ ਨਿਰਾਸ਼ ਚੱਲੇ ਆ ਰਹੇ ਆਗੂਆਂ ਨੂੰ ਮੁੜ ਪਾਰਟੀ 'ਚ ਲਿਆਉਣ ਦੀਆਂ ਵਿੱਢੀਆਂ ਕੋਸ਼ਿਸ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸੁੱਚਾ ਸਿੰਘ ਛੋਟੇਪੁਰ ਅਤੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੂੰ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵੱਲੋਂ ਹਲਕਾ ਦਾਖਾ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੂੰ ਵੀ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਨਾ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਮੋਗਾ ਦੇ ਇੰਚਾਰਜ ਨਵਦੀਪ ਸਿੰਘ ਸੰਘਾ, ਸੀਨੀਅਰ ਆਗੂ ਅਜੇ ਸ਼ਰਮਾ, ਅਮਿਤ ਪੁਰੀ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਜਾਨ ਦਾ ਖਤਰਾ ਦੱਸ, ਦਾਦੂਵਾਲ ਨੇ ਸੌਂਪਿਆ ਆਈ.ਜੀ ਨੂੰ ਮੰਗ ਪੱਤਰ (ਵੀਡੀਓ)
NEXT STORY