ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ। ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ’ਚ ਗਰੀਬਾਂ ਦੀ ਸਰਕਾਰ ਬਣੀ ਹੈ, ਇਸ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾ ਗਰੀਬਾਂ ਨੂੰ ਰਾਹਤ ਦਿਓ। ਉਨ੍ਹਾਂ ਕਿਹਾ ਕਿ ਤੁਸੀਂ ਹਰ ਰੋਜ਼ ਨਵੇਂ ਸ਼ੋਸ਼ੇ ਛੱਡਦੇ ਹੋ ਪਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਕਾਰਨ ਪੰਜਾਬ ਦੇ ਲੋਕਾਂ, ਖਾਸ ਤੌਰ ’ਤੇ ਗ਼ਰੀਬ, ਕਿਸਾਨ ਤੇ ਹਰੇਕ ਵਿਅਕਤੀ ’ਤੇ ਬੋਝ ਪਿਆ ਹੈ। ਇਸੇ ਬੋਝ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੀ ਪੈਟਰੋਲ ’ਚੋਂ 5 ਤੇ ਡੀਜ਼ਲ ’ਚੋਂ ਆਪਣੇ ਟੈਕਸ ਦੇ 10 ਰੁਪਏ ਘਟਾ ਦਿੱਤੇ ਹਨ। ਹੋਰ ਤਾਂ ਹੋਰ 8-9 ਸੂਬਿਆਂ ਨੇ ਵੀ ਇਸ ਦੇ ਨਾਲ-ਨਾਲ ਹੋਰ ਵੀ ਰਾਹਤ ਦਿੱਤੀ ਹੈ। ਬੀਬਾ ਬਾਦਲ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ’ਚ ਅਸੀਂ ਦੀਵਾਲੀ, ਵਿਸ਼ਵਕਰਮਾ ਦਿਵਸ ਦੇਖਿਆ ਤੇ ਆਉਣ ਵਾਲੇ ਦਿਨਾਂ ’ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਤੇ ਕ੍ਰਿਸਮਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਾਢੀ ਹੋ ਕੇ ਹਟੀ ਹੈ ਤੇ ਬੀਜਾਈ ਹੋਣੀ ਹੈ।
ਇਹ ਵੀ ਪੜ੍ਹੋ : 400 ਸਾਲਾ ਬੰਦੀਛੋੜ ਦਿਵਸ ਮਗਰੋਂ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ, ਦਿਖਾਏ ਤਲਵਾਰਬਾਜ਼ੀ ਤੇ ਘੁੜਸਵਾਰੀ ਦੇ ਜੌਹਰ (ਵੀਡੀਓ)
ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਸਵਾਲ ਕੀਤਾ ਕਿ ਕਿਹੜੇ ਕਾਰਨ ਹਨ ਕਿ ਜਦੋਂ ਕੇਂਦਰ ਨੇ ਆਪਣਾ ਟੈਕਸ ਘਟਾ ਲਿਆ ਤੇ 8-9 ਸੂਬਿਆਂ ਨੇ ਘਟਾ ਦਿੱਤਾ ਪਰ ਆਪਣੇ ਆਪ ਨੂੰ ਗ਼ਰੀਬਾਂ ਦਾ ਮੁੱਖ ਮੰਤਰੀ ਕਹਿਣ ਵਾਲੇ ਦੇ ਦਿਲ ’ਚ ਗ਼ਰੀਬਾਂ ’ਤੇ ਵਧਦੀਆਂ ਕੀਮਤਾਂ ਦੀ ਪੈ ਰਹੀ ਮਾਰ ਦਾ ਕੋਈ ਤਰਸ ਨਹੀਂ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਇਕ-ਅੱਧੀ ਫੋਟੋ ਤੁਸੀਂ ਕਿਸੇ ਪੈਟਰੋਲ ਪੰਪ ਨਾਲ ਵੀ ਖਿਚਵਾ ਲਓ ਤੇ ਤੁਸੀਂ ਵੀ ਕੁਝ ਰਾਹਤ ਪੰਜਾਬ ਦੇ ਗ਼ਰੀਬਾਂ ਨੂੰ ਦਿਓ। ਬੀਬਾ ਬਾਦਲ ਨੇ ਕਿਹਾ ਕਿ ਘੱਟ ਤੋਂ ਘੱਟ 10 ਰੁਪਏ ਡੀਜ਼ਲ ਤੇ 10 ਰੁਪਏ ਪੈਟਰੋਲ ’ਚ ਘਟਾਓ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 50-60 ਦਿਨਾਂ ਬਾਅਦ ਬਣ ਜਾਵੇਗੀ ਤਾਂ ਅਸੀਂ ਕੀਮਤਾਂ ਘਟਾਵਾਂਗੇ, ਜਿਹੜੀ ਤੁਹਾਡੀ 40-50 ਦਿਨਾਂ ਦੀ ਸਰਕਾਰ ਹੈ, ਤੁਸੀਂ ਵੀ ਕੀਮਤਾਂ ਘਟਾ ਕੇ ਲੋਕਾਂ ਨੂੰ ਰਾਹਤ ਦਿਓ। ਤੁਸੀਂ ਖ਼ੁਦ ਹੀ ਕਿਹਾ ਹੈ ਕਿ ਖਜ਼ਾਨੇ ਤੁਹਾਡੇ ਭਰੇ ਹੋਏ ਹਨ, ਇਸ ਲਈ ਭਰੇ ਹੋਏ ਖਜ਼ਾਨੇ ਨਾਲ ਹਰ ਇਕ ਨੂੰ ਰਾਹਤ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਸਰਕਾਰ ਜਿਹੜੀ ਰੋਜ਼ ਕਹਿੰਦੀ ਹੈ ਕਿ ਲੋਕਾਂ ਵਾਸਤੇ ਬੜੀ ਰਾਹਤ ਦਿੱਤੀ ਹੈ, ਤੁਸੀਂ ਦੱਸ ਦਿਓ ਭਾਵੇਂ ਤੁਸੀਂ ਵਪਾਰੀ, ਗ਼ਰੀਬ, ਕਿਸਾਨ, ਨੌਜਵਾਨ ਹੋ, ਕੀ ਇਸ ਚੰਨੀ ਸਰਕਾਰ ਤੇ ਕਾਂਗਰਸ ਸਰਕਾਰ ਦੀ ਕੋਈ ਰਾਹਤ ਤੁਹਾਡੇ ਤਕ ਪਹੁੰਚੀ ਹੈ, ਸ਼ਾਇਦ ਨਹੀਂ। ਇਸ ਕਰਕੇ ਮੈਂ ਮੁੱਖ ਮੰਤਰੀ ਚੰਨੀ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਲਦ ਹੀ ਘਟਾਓ ਤੇ ਗਰੀਬਾਂ ਨੂੰ ਰਾਹਤ ਦਿਓ ਤਾਂ ਕਿ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵੀ ਸਸਤੀਆਂ ਹੋਣ ਤੇ ਤਿਉਹਾਰ ਦਾ ਮਾੜਾ ਮੋਟਾ ਲਾਹਾ ਲੈ ਕੇ ਉਨ੍ਹਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਆ ਸਕੇ।
ਬਾਦਲਾਂ ਵਾਂਗ ਕਾਂਗਰਸੀਆਂ ਨੇ ਵੀ ਨਹੀਂ ਬਖ਼ਸ਼ੀ ਗ਼ਰੀਬਾਂ-ਮਜ਼ਦੂਰਾਂ ਦੀ ਮਗਨਰੇਗਾ ਯੋਜਨਾ- ਮੀਤ ਹੇਅਰ
NEXT STORY