ਸਰਦੂਲਗੜ੍ਹ- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ‘ਨੰਨ੍ਹੀ ਛਾਂ’ ਮੁਹਿੰਮ ਤਹਿਤ ਚਲਾਏ ਜਾ ਰਹੇ ਸਿਲਾਈ ਸੈਂਟਰਾਂ ’ਚੋਂ ਸਿਖਲਾਈ ਪ੍ਰਾਪਤ ਕਰ ਚੁੱਕੀਆਂ 41 ਔਰਤਾਂ ਨੂੰ ਸਥਾਨਕ ਸ਼ਹਿਨਾਈ ਪੈਲੇਸ ਵਿਖੇ ਸਿਲਾਈ ਮਸ਼ੀਨਾਂ ਅਤੇ ਬੂਟਿਆਂ ਦਾ ਪ੍ਰਸ਼ਾਦ ਦੇਣ ਮੌਕੇ ਕਿਹਾ ਕਿ ਔਰਤਾਂ ਪਰਿਵਾਰ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀਆ ਹਨ, ਜੋ ਦਿਨ-ਰਾਤ ਆਪਣੇ ਪਰਿਵਾਰ ਨੂੰ ਸਮਰਪਿਤ ਹੋ ਕੇ ਘਰ ਅਤੇ ਖੇਤਾਂ ਦੇ ਕੰਮਾਂ ਵਿਚ ਪੂਰਾ ਸਹਿਯੋਗ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 13 ਸਾਲਾਂ ’ਚ ਇਨ੍ਹਾਂ ਸਿਲਾਈ ਸੈਂਟਰਾਂ ’ਚੋਂ 12 ਹਜ਼ਾਰ ਕੁੜੀਆਂ ਸਿਲਾਈ ਸਿੱਖ ਕੇ ਪੈਰਾਂ ’ਤੇ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ’ਚ 22 ਸੈਂਟਰ ਪਿੰਡਾ ’ਚ ਚਲਾਏ ਗਏ ਸਨ, ਜਿਨ੍ਹਾਂ ’ਚ 1100 ਧੀਆਂ ਨੂੰ ਸਿਲਾਈ ਮਸ਼ੀਨ ਦਿੱਤੀ ਗਈ ਹੈ ਅਤੇ ਅੱਜ ਵੀ 41 ਧੀਆਂ ਨੂੰ ਦੇਣ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਕ ਬੰਦੇ ਨਾਲ ਸਮਾਜ ਦੀ ਤਰੱਕੀ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਰਲ ਕੇ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਜਿਸ ਨਾਲ ਸਮਾਜ ਤੇ ਲੋਕ ਤਰੱਕੀ ਕਰਨ। ਉਨ੍ਹਾਂ ਕਿਹਾ ਕਿ ਹਰ ਸਮਰੱਥ ਬੰਦੇ ਨੂੰ ਕਿਸੇ ਜ਼ਰੂਰਤਮੰਦ ਦਾ ਹੱਥ ਜ਼ਰੂਰ ਫੜਨਾ ਚਾਹੀਦਾ ਹੈ, ਉਹ ਭਾਵੇਂ ਉਸ ਦੀ ਦਵਾਈ, ਪੜ੍ਹਾਈ ਜਾਂ ਕੱਪੜੇ ਦਾ ਖਰਚਾ ਚੁੱਕ ਕੇ ਫੜ ਲਵੇ।
ਕੁੱਖ ਅਤੇ ਰੁੱਖ ਦੀ ਰਾਖੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਡੇ ਸਹਿਯੋਗ ਦੇ ਨਾਲ ਇਨ੍ਹਾਂ 13 ਸਾਲਾਂ ’ਚ ਲੱਖਾਂ ਕੀ ਕਰੋੜ ਦੇ ਨੇੜੇ-ਤੇੜੇ ਰੁੱਖ ਵੰਡੇ ਗਏ ਹਨ ਅਤੇ ਤੁਹਾਡੇ ਵਰਗੀਆਂ ਕਈ ਭੈਣਾਂ ਅਤੇ ਭਰਾ ਉਨ੍ਹਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤ ਸਮਾਜ ਅਤੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਉਨ੍ਹਾਂ ਨੂੰ ਆਪਣੇ ਫ਼ੈਸਲੇ ਆਪ ਲੈਣ ਦਾ ਪੂਰਾ ਅਧਿਕਾਰ ਹੈ ਅਤੇ ਸਾਡੀਆਂ ਭੈਣਾਂ ਨੂੰ ਦ੍ਰਿੜ੍ਹਤਾ ਨਾਲ ਫ਼ੈਸਲੇ ਲੈਣੇ ਚਾਹੀਦੇ ਹਨ, ਉਹ ਭਾਵੇਂ ਵੋਟ ਪਾਉਣ ਦਾ ਫ਼ੈਸਲਾ ਹੋਵੇ ਜਾਂ ਜੀਵਨ ’ਚ ਅੱਗੇ ਵਧਣ ਦਾ।
ਉਨ੍ਹਾਂ ਕਿਹਾ ਕਿ ਇਕ ਔਰਤ ਜਨਮ ਤੋਂ ਹੀ ਚੁਣੌਤੀਆਂ ਦਾ ਸਾਹਮਣਾ ਕਰਦੀ ਆਉਂਦੀ ਹੈ, ਪਹਿਲਾਂ ਤਾਂ ਭਰੂਣ ਹੱਤਿਆ ਨਾਲ ਕੁੜੀਆਂ ਦਾ ਖਾਤਮਾ ਕੀਤਾ ਜਾਂਦਾ ਹੈ, ਜੇਕਰ ਕੋਈ ਬਚ ਜਾਂਦੀ ਹੈ ਤਾਂ ਉਹ ਆਪਣੀ ਸਾਰੀ ਜ਼ਿੰਦਗੀ ਘਰ ਦੀ ਜ਼ਿੰਮੇਵਾਰੀ ਅਤੇ ਹੋਰ ਕੰਮਾਂ-ਕਾਰਾਂ ’ਚ ਕੱਢ ਦਿੰਦੀ ਹੈ ਪਰ ਉਸ ਨੂੰ ਸਾਰੀ ਉਮਰ ਕੋਈ ਸਾਬਾਸ਼ੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਮਾਜ ਅਤੇ ਪਰਿਵਾਰ ’ਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਉਸ ਤੋਂ ਬਿਨਾਂ ਨਾ ਸਮਾਜ ਅੱਗੇ ਵਧ ਸਕਦਾ ਹੈ ਅਤੇ ਨਾ ਹੀ ਪਰਿਵਾਰ। ਇਸ ਦੇ ਨਾਲ ਹੀ ਉਨ੍ਹਾਂ ਬੰਦੀਛੋੜ ਦਿਵਸ ਅਤੇ ਦੀਵਾਲੀ ਦੀ ਲੋਕਾਂ ਨੂੰ ਵਧਾਈ ਦਿੱਤੀ ।
CM ਚੰਨੀ ਵੱਲੋਂ ਪਾਵਰਕਾਮ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬਿਜਲੀ ਸਮਝੌਤਾ ਰੱਦ ਕਰਨ ਲਈ ਹਰੀ ਝੰਡੀ
NEXT STORY