ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਨਵਜੋਤ ਸਿੰਘ ਸਿੱਧੂ ਨੇ ਗਾਂਧੀ ਪਰਿਵਾਰ ਦੇ ਪੈਰਾਂ 'ਚ ਪੱਗ ਰੱਖ ਕੇ ਪੂਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਕਿਉਂਕਿ ਗਾਂਧੀ ਪਰਿਵਾਰ ਵੱਲੋਂ 1984 'ਚ ਸਿੱਖ ਕੌਮ ਨੂੰ ਦਿੱਤੇ ਗਏ ਜ਼ਖਮ ਕਦੇ ਵੀ ਨਾ ਭੁੱਲਣ ਵਾਲੇ ਹਨ ਅਤੇ ਸਿੱਧੂ ਨੇ ਦਿੱਲੀ ਵਿਖੇ ਗਾਂਧੀ ਪਰਿਵਾਰ ਦੇ ਪੈਰਾਂ 'ਚ ਝੁਕ ਕੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬੀ ਬਾਦਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੁਕਮਾਂ ਅਨੁਸਾਰ ਜ਼ਿਲਾ ਮੋਗਾ ਦੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਲਈ ਮੋਗਾ ਆਏ ਸਨ, ਉਨ੍ਹਾਂ ਪਹਿਲਾਂ ਪ੍ਰਬੰਧਕੀ ਕੰਪਲੈਕਸ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਮੁੱਦਾਹੀਣ ਹੋ ਚੁੱਕੀ ਕਾਂਗਰਸ ਪਾਰਟੀ ਬੇਲੋੜੇ ਮੁੱਦਿਆਂ 'ਤੇ ਪੰਜਾਬ ਵਾਸੀਆਂ ਨੂੰ ਭੜਕਾ ਰਹੀ ਹੈ। ਸੂਬਾ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਤੇ ਜੀ. ਐੱਸ. ਟੀ. ਮੁਆਫ ਕਰਨ ਦੇ ਮੁੱਦੇ 'ਤੇ ਉਨ੍ਹਾਂ ਇਸ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਨੇ ਵੀ ਆਪਣੇ ਕਾਰਜਕਾਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੈਟ ਮੁਆਫ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਪੂਰੀ ਸ਼੍ਰੋਮਣੀ ਕਮੇਟੀ ਦਾ ਟੈਕਸ ਮੁਆਫ ਕਰੇ ਤਾਂ ਜੋ ਪੰਜਾਬ ਦੇ ਹੋਰਨਾਂ ਗੁਰਧਾਮਾਂ ਨੂੰ ਵੀ ਰਾਹਤ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਧਾਰਮਕ ਅਸਥਾਨਾਂ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਣ ਸਬੰਧੀ ਉਨ੍ਹਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਸੀ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸ਼ਨਾਖਤ ਕੀਤੇ ਗਏ 115 ਪੱਛੜੇ ਜ਼ਿਲਿਆਂ ਦੇ ਵਿਕਾਸ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਕੇਂਦਰ ਦੇ ਮੰਤਰੀਆਂ ਨੂੰ ਦੋ-ਦੋ ਜ਼ਿਲੇ ਸੌਂਪੇ ਗਏ ਹਨ, ਜਿਨ੍ਹਾਂ ਵੱਲੋਂ ਅਪ੍ਰੈਲ ਮਹੀਨੇ ਤੱਕ ਸਮੁੱਚੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਜ਼ਿਲਿਆਂ ਮੋਗਾ ਅਤੇ ਫਿਰੋਜ਼ਪੁਰ ਨੂੰ ਉੱਚਾ ਚੁੱਕਣ ਅਤੇ ਪੱਛੜੇ ਜ਼ਿਲਿਆਂ ਦੀ ਸੂਚੀ 'ਚੋਂ ਬਾਹਰ ਕਰਨ ਲਈ ਉਹ ਪੂਰੇ ਤਾਲ-ਮੇਲ ਨਾਲ ਕੰਮ ਕਰਨਗੇ। 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਉਨ੍ਹਾਂ ਵੱਲੋਂ ਚੋਣ ਲੜਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਬੀਬੀ ਬਾਦਲ ਨੇ ਕਿਹਾ ਕਿ ਪਾਰਟੀ ਹੁਕਮ ਮੁਤਾਬਿਕ ਉਹ ਮੁੜ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਬਲਤੇਜ ਸਿੰਘ ਲੰਗਿਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਰਾਜਵੰਤ ਸਿੰਘ ਮਾਹਲਾ, ਰਾਮ ਸਿੰਘ ਮੱਦੋਕੇ, ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਰਾਮੂਵਾਲਾ ਆਦਿ ਹਾਜ਼ਰ ਸਨ।
ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਕੇਜਰੀਵਾਲ ਸਿਆਸੀ ਤੌਰ 'ਤੇ ਕਮਜ਼ੋਰ ਸਾਬਤ ਹੋਏ : ਖਹਿਰਾ
NEXT STORY