ਫ਼ਰੀਦਕੋਟ (ਹਾਲੀ) - 'ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਪਾਰਟੀ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।' ਇਹ ਵਿਚਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਸੰਧੂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਵਿਧਾਇਕ ਜਗਦੇਵ ਸਿੰਘ ਕਮਾਲੂ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਬਾਨੀ ਵਰਗੀਆਂ ਉੱਚਕੋਟੀ ਦੀਆਂ ਸ਼ਖ਼ਸੀਅਤਾਂ ਖਿਲਾਫ਼ ਬੋਲ ਕੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਸੀ ਪਰ ਹੁਣ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਨਾਲ ਕੇਜਰੀਵਾਲ ਸਿਆਸੀ ਤੌਰ 'ਤੇ ਕਮਜ਼ੋਰ ਸਾਬਤ ਹੋਏ ਹਨ। ਲੰਬੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿਚ ਨਾ ਆਉਣ ਬਾਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਹਰ ਵਾਰ ਵਿਧਾਇਕਾਂ ਨੂੰ ਹੀ ਦਿੱਲੀ ਜਾਣਾ ਪੈਂਦਾ ਹੈ, ਜਦੋਂਕਿ ਉਨ੍ਹਾਂ ਨੂੰ ਪੰਜਾਬੀਆਂ ਦੇ ਹਿੱਤਾਂ ਨੂੰ ਦੇਖਦਿਆਂ ਪੰਜਾਬ ਆਉਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਮੁਆਫ਼ੀ ਮੰਗਣ ਤੋਂ ਪਹਿਲਾਂ ਕੇਜਰੀਵਾਲ ਦੀਆਂ ਕਥਿਤ ਤੌਰ 'ਤੇ ਬਿਕਰਮ ਮਜੀਠੀਆ ਨਾਲ ਮੀਟਿੰਗਾਂ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਅੱਜ ਸੁਖਪਾਲ ਖਹਿਰਾ ਦੇ ਫਰੀਦਕੋਟ ਦੌਰੇ ਸਮੇਂ ਕੇਜਰੀਵਾਲ ਦੇ ਖਾਸ ਮੰਨੇ ਜਾਂਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਆਦਿ ਹਾਜ਼ਰ ਨਹੀਂ ਸਨ।
ਸੁਖਪਾਲ ਖਹਿਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਅਜੇ ਤੱਕ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਦੇਰੀ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਰਿਕਾਰਡ ਵਿਚ ਕੌਮੀ ਸ਼ਹੀਦ ਵਜੋਂ ਦਰਜ ਕੀਤਾ ਜਾਵੇ ਅਤੇ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੂੰ ਪਾਕਿਸਤਾਨ 'ਚ ਮਾਰੇ ਗਏ ਪੰਜਾਬੀ ਸਰਬਜੀਤ ਸਿੰਘ ਦੀ ਤਰਜ਼ 'ਤੇ ਇਕ-ਇਕ ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ 20 ਵਿਧਾਇਕਾਂ ਬਾਰੇ ਦਿੱਲੀ ਹਾਈਕੋਰਟ ਦੇ ਫੈਸਲੇ ਦਾ ਵੀ ਸੁਆਗਤ ਕੀਤਾ।
ਕੈਪਟਨ ਸਰਕਾਰ ਤੋਂ ਹੁਣ ਅੰਬਿਕਾ ਸੋਨੀ ਵੀ ਨਾਰਾਜ਼
NEXT STORY