ਬਠਿੰਡਾ,(ਬਿਊਰੋ)— ਬਠਿੰਡਾ ਜ਼ਿਲੇ ਤੇ ਖਾਸ ਕਰ ਕੇ ਬਠਿੰਡਾ ਸ਼ਹਿਰ ਨੂੰ ਦੋ ਦਿਨ ਹੋਈ ਬਾਰਸ਼ ਨੇ ਡੁਬੋ ਦਿੱਤਾ ਅਤੇ ਲੋਕਾਂ ਦਾ ਲੱਖਾਂ ਰੁਪਏ ਦਾ ਸਾਮਾਨ ਪਾਣੀ ਨਾਲ ਖਰਾਬ ਹੋ ਗਿਆ। ਪੰਜਾਬ ਸਰਕਾਰ ਨੇ ਬਠਿੰਡਾ ਸ਼ਹਿਰ 'ਚ ਮੀਂਹ ਦੇ ਬਾਅਦ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਅਤੇ ਨਾ ਹੀ ਸੀਵਰੇਜ ਦੀ ਸਫਾਈ ਕਰਵਾਈ ਹੈ, ਜਿਸ ਕਰਕੇ ਸ਼ਹਿਰ ਡੁੱਬ ਗਿਆ। ਮੀਂਹ 'ਚ ਡੁੱਬੇ ਬਠਿੰਡਾ ਸ਼ਹਿਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਹ ਗੱਲ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਹੀ।
ਬੀਬਾ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਸ਼ਹਿਰ ਲਈ ਆਏ ਫੰਡਾਂ ਨੂੰ ਹੋਰ ਪਾਸੇ ਵਰਤ ਲਿਆ ਹੈ। ਸ਼ਹਿਰ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਚਰਮਰਾ ਗਿਆ ਹੈ ਅਤੇ ਵਿੱਤ ਮੰਤਰੀ ਨੇ ਨਾ ਤਾਂ ਕਾਰਪੋਰੇਸ਼ਨ ਨੂੰ ਫੰਡ ਦਿੱਤੇ ਹਨ ਤੇ ਨਾ ਹੀ ਸਰਕਾਰ ਨੇ ਕਿਸੇ ਹੋਰ ਕੰਪਨੀ ਤੋਂ ਸੀਵਰੇਜ ਦੀ ਸਫਾਈ ਕਰਵਾਈ ਹੈ। ਸ਼ਹਿਰ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਹੈ। ਅਜੇ ਤਾਂ ਸਿਰਫ ਦੋ ਮੀਂਹ ਪਏ ਹਨ ਜਦਕਿ ਸਾਰੀ ਬਰਸਾਤ ਸਿਰ 'ਤੇ ਪਈ ਹੈ। ਜੇ ਬਠਿੰਡਾ ਸ਼ਹਿਰ 'ਚ ਪਾਣੀ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਮੀਂਹ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ 'ਚ ਮਾਲੀ ਤੇ ਜਾਨੀ ਨੁਕਸਾਨ ਵੀ ਲੋਕਾਂ ਦੇ ਸਿਰ 'ਤੇ ਮੰਡਰਾ ਰਿਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਜਿਹੀ ਹੈ ਜਿਸ ਨੂੰ ਜਨਤਾ ਦਾ ਕੋਈ ਫਿਕਰ ਨਹੀਂ ਹੈ ਅਤੇ ਉਸ ਦੇ ਮੰਤਰੀ ਸਿਵਾਏ ਲੁੱਟ-ਖਸੁੱਟ ਦੇ ਕੁਝ ਨਹੀਂ ਕਰਦੇ। ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸਮੇਂ ਬਾਰਸ਼ਾਂ ਤੋਂ ਪਹਿਲਾਂ ਸੀਵਰੇਜ ਸਿਸਟਮ ਸੁਧਾਰਿਆ ਜਾਂਦਾ ਸੀ ਅਤੇ ਪ੍ਰਸ਼ਾਸਨ ਤੇ ਫਲੱਡ ਅਧਿਕਾਰੀਆਂ ਨੂੰ ਚੁਸਤ-ਦਰੁਸਤ ਕਰਕੇ ਕਿਸੇ ਵੀ ਆਫਤ ਨਾਲ ਨਿਪਟਣ ਲਈ ਤਿਆਰ-ਬਰ ਤਿਆਰ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਜਿਹੜਾ ਬਠਿੰਡਾ ਸ਼ਹਿਰੀ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ, ਉਸ ਨੇ ਸ਼ਹਿਰ ਦੀ ਇਸ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਮਨਪ੍ਰੀਤ ਬਾਦਲ, ਸੂਬੇ ਦੇ ਵਿੱਤ ਮੰਤਰੀ ਹੋਣ ਕਰਕੇ ਉਨ੍ਹਾਂ ਕੋਲ ਫੰਡਾਂ ਦੀ ਵੀ ਕੋਈ ਘਾਟ ਨਹੀਂ ਪਰ ਉਸ ਨੇ ਸਿਰਫ ਅਕਾਲੀ-ਭਾਜਪਾ ਦੇ ਲੀਡਰਾਂ ਨੂੰ ਕੋਸਣ ਤੋਂ ਸਿਵਾਏ ਕੁਝ ਨਹੀਂ ਕੀਤਾ। ਹੁਣ ਤਾਂ ਢਾਈ ਸਾਲਾਂ ਤੋਂ ਪੰਜਾਬ ਖਜ਼ਾਨੇ ਦੀ ਚਾਬੀ ਮਨਪ੍ਰੀਤ ਬਾਦਲ ਕੋਲ ਹੈ ਤੇ ਉਸ ਬਠਿੰਡਾ ਸ਼ਹਿਰ ਦੀ ਇਸ ਸਮੱਸਿਆ ਨਾਲ ਨਿਪਟਣ ਲਈ ਦਿਲ ਖੋਲ੍ਹ ਕੇ ਫੰਡ ਦੇਣੇ ਚਾਹੀਦੇ ਹਨ।
ਮੀਂਹ ਨੇ ਸ਼ਹਿਰ ਵਾਸੀਆਂ ਦੀ ਬਸ ਕਰਵਾ ਦਿੱਤੀ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੀਂਹ ਦਾ ਪਾਣੀ ਦੋ ਦਿਨਾਂ 'ਚ ਸ਼ਹਿਰ 'ਚੋਂ ਨਿਕਲਿਆ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਸ਼ਹਿਰ 'ਚ 5-5, 6-6 ਫੁੱਟ ਪਾਣੀ ਫਿਰਦਾ ਪਰ ਕੈਪਟਨ ਸਰਕਾਰ ਨੇ ਮੀਂਹ ਦੇ ਪਾਣੀ 'ਚ ਫਸੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਅਤੇ ਪਾਣੀ ਵਿਚੋਂ ਆਪਣਾ ਸਾਮਾਨ ਕੱਢਣ ਲਈ ਲੋਕਾਂ ਨੂੰ ਆਪਣੇ ਹੀ ਹੀਲੇ-ਵਸੀਲੇ ਵਰਤਣੇ ਪਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਮੀਂਹ ਨਾਲ ਘਰਾਂ ਅਤੇ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਵਿੱਤ ਮੰਤਰੀ ਮਨਪ੍ਰੀਤ ਨੂੰ ਆਪਣੀ ਜੇਬ 'ਚੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨੁਕਸਾਨ ਲਈ ਮਨਪ੍ਰੀਤ ਬਾਦਲ ਹੀ ਜ਼ਿੰਮੇਵਾਰ ਹਨ। ਪਹਿਲੇ ਦੋ ਵੱਡੇ ਮੀਂਹਾਂ ਨੇ ਹੀ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਹੈ।
ਗੈਂਗਸਟਰਾਂ ਨਾਲ ਖ਼ੁਦ ਨਿਪਟਣ ਵਾਲੇ ਐੱਸ. ਐੱਸ. ਪੀ. ਚਾਹਲ ਮੁੜ ਮੋਹਾਲੀ 'ਚ
NEXT STORY