ਚੰਡੀਗੜ੍ਹ (ਭੁੱਲਰ) - ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ 40 ਸਿੱਖਾਂ ਨੂੰ 2.16 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰਨ ਦੇ ਲਏ ਫੈਸਲੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਹੈ। 1984 ਵਿਚ ਜਦੋਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ 'ਚ ਫੌਜੀ ਹਮਲੇ ਦਾ ਹੁਕਮ ਦਿੱਤਾ ਸੀ ਤਾਂ ਇਨ੍ਹਾਂ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ 'ਚੋਂ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਲੈ ਲਿਆ ਗਿਆ ਸੀ।ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰ ਵਲੋਂ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਵਲੋਂ ਨਿਰਦੋਸ਼ ਸਿੱਖਾਂ ਨੂੰ ਦਿੱਤੇ ਜ਼ਖਮਾਂ ਨੂੰ ਭਰਨ 'ਚ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਮੁਆਵਜ਼ੇ ਉਤੇ ਆਏ ਫੈਸਲੇ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਇਹ ਮੁਆਵਜ਼ਾ ਜਲਦੀ ਹੀ ਪੀੜਤਾਂ ਨੂੰ ਦੇ ਦਿੱਤਾ ਜਾਵੇਗਾ। ਮੈਨੂੰ ਇਹ ਵੀ ਭਰੋਸਾ ਹੈ ਕਿ ਸਿੱਖ ਭਾਈਚਾਰੇ ਲਈ ਸਿਰਫ ਪੈਸਿਆਂ ਦਾ ਮਾਮਲਾ ਨਹੀਂ ਹੈ, ਸਗੋਂ ਇਹ ਸਿੱਖਾਂ ਦੀ ਬੇਗੁਨਾਹੀ ਅਤੇ ਸਨਮਾਨ ਨੂੰ ਬਹਾਲ ਕਰਨ ਤੋਂ ਇਲਾਵਾ 1984 ਵਿਚ ਸਿੱਖਾਂ ਅਤੇ ਮਨੁੱਖਤਾ ਖਿਲਾਫ ਢਾਹੇ ਅੱਤਿਆਚਾਰਾਂ ਲਈ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਉਣ ਨਾਲ ਜੁੜਿਆ ਮਾਮਲਾ ਵੀ ਹੈ।
ਪੁਲਸ ਨੇ ਨਸ਼ੇ ਵਾਲੀਅਾਂ ਗੋਲੀਆਂ ਸਣੇ 3 ਨੂੰ ਕੀਤਾ ਕਾਬੂ
NEXT STORY