ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮਾਛੀਵਾੜਾ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ 50 ਕਰੋੜ ਦੀ ਲਾਗਤ ਨਾਲ ਸਾਰੇ ਸ਼ਹਿਰ ਵਿਚ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਗਈਆਂ ਤੇ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਗਿਆ ਪਰ ਇਹ ਸੀਵਰੇਜ ਪ੍ਰਾਜੈਕਟ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਿਹਾ ਬਦਬੂਦਾਰ ਪਾਣੀ ਤੇ ਵੱਖ-ਵੱਖ ਥਾਵਾਂ 'ਤੇ ਟੁੱਟੇ ਮੈਨਹੋਲ ਸ਼ਹਿਰ ਵਾਸੀਆਂ ਲਈ ਜੀਅ ਦਾ ਜੰਜਾਲ ਬਣੇ ਹੋਏ ਹਨ।
ਰੋਪੜ ਰੋਡ 'ਤੇ ਸਥਿਤ ਇਤਿਹਾਸਕ ਤੇ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਰ, ਜਿਸ ਦੇ ਅੱਗੇ ਇਕ ਸੇਮ ਨਾਲਾ ਵੀ ਵਗਦਾ ਹੈ, ਸ਼ਹਿਰ ਵਾਸੀਆਂ ਦੀ ਪ੍ਰਮੁੱਖ ਮੰਗ ਸੀ ਕਿ ਇਸ ਸੇਮ ਨਾਲੇ ਵਿਚ ਸ਼ਹਿਰ ਦਾ ਗੰਦਾ ਤੇ ਬਦਬੂਦਾਰ ਪਾਣੀ ਨਾ ਸੁੱਟਿਆ ਜਾਵੇ। ਇਸ ਲਈ ਸੀਵਰੇਜ ਬੋਰਡ ਵੱਲੋਂ ਕਰੋੜਾਂ ਰੁਪਏ ਖਰਚ ਕੇ ਪਾਈਪਾਂ ਤਾਂ ਵਿਛਾ ਦਿੱਤੀਆਂ ਪਰ ਇਹ ਵਿਕਾਸ ਕਿਸੇ ਕੰਮ ਨਾ ਆਇਆ। ਅੱਜ ਵੀ ਸੀਵਰੇਜ ਬੋਰਡ ਦੀ ਲਾਪ੍ਰਵਾਹੀ ਨਾਲ ਜਿੱਥੇ ਸ਼ਹਿਰ ਦਾ ਗੰਦਾ ਪਾਣੀ ਇਸ ਮੰਦਰ ਦੀ ਪਵਿੱਤਰਤਾ ਨੂੰ ਦਾਗਦਾਰ ਕਰ ਰਿਹਾ ਹੈ, ਉਥੇ ਹੀ ਰੋਪੜ ਰੋਡ 'ਤੇ ਘੁੰਮ ਰਿਹਾ ਇਹ ਬਦਬੂਦਾਰ ਪਾਣੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਆਮ ਲੋਕਾਂ ਲਈ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ ਜਦਕਿ ਇਹ ਸਾਰਾ ਗੰਦਾ ਪਾਣੀ ਪਾਈਪਾਂ ਰਾਹੀਂ ਟ੍ਰੀਟਮੈਂਟ ਪਲਾਂਟ ਵਿਚ ਜਾਣਾ ਚਾਹੀਦਾ ਸੀ ਪਰ ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਕਾਰਨ ਮੰਦਰ ਅੱਗੇ ਸੜਕਾਂ 'ਤੇ ਘੁੰਮ ਰਿਹਾ ਹੈ।
ਇਸ ਤੋਂ ਇਲਾਵਾ ਅਢਿਆਣਾ ਰੋਡ 'ਤੇ ਸਥਿਤ ਨੈਸ਼ਨਲ ਕਾਲਜ ਫਾਰ ਵਿਮੈਨ ਦੀ ਬਿਲਕੁਲ ਇਮਾਰਤ ਨੇੜੇ ਪਿਛਲੇ 1 ਮਹੀਨੇ ਤੋਂ ਸੀਵਰੇਜ ਦਾ ਪਾਣੀ ਸੜਕਾਂ 'ਤੇ ਘੁੰਮ ਰਿਹਾ ਹੈ ਜਿਸ ਕਾਰਨ ਕਾਲਜ ਪੜ੍ਹਦੀਆਂ ਲੜਕੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਆਸ-ਪਾਸ ਦੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਅਢਿਆਣਾ ਰੋਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਸੀਵਰੇਜ ਬੋਰਡ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਇਹ ਮੈਨਹੋਲ ਤੋਂ ਹੁੰਦੀ ਲੀਕੇਜ ਨੂੰ ਰੋਕਿਆ ਜਾਵੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸੜਕਾਂ 'ਤੇ ਘੁੰਮ ਰਿਹਾ ਗੰਦਾ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਮਾਛੀਵਾੜਾ ਸ਼ਹਿਰ ਵਿਚ ਸੀਵਰੇਜ ਦੇ ਜੋ ਮੈਨਹੋਲ ਬਣਾਏ ਗਏ ਹਨ, ਉਸ ਦੇ ਢੱਕਣ ਕਈ ਥਾਵਾਂ ਤੋਂ ਟੁੱਟੇ ਪਏ ਹਨ। ਇਹ ਟੁੱਟੇ ਹੋਏ ਮੈਨਹੋਲ ਕਦੇ ਵੀ ਕੋਈ ਵੱਡੇ ਹਾਦਸਿਆਂ ਨੂੰ ਸੱਦਾ ਦੇ ਸਕਦੇ ਹਨ ਪਰ ਸੀਵਰੇਜ ਬੋਰਡ ਵੱਲੋਂ ਇਨ੍ਹਾਂ ਟੁੱਟੇ ਮੈਨਹੋਲ ਢੱਕਣਾਂ ਦੀ ਮੁਰੰਮਤ ਕਰਨ ਦੀ ਬਜਾਏ ਉਸ ਦੇ ਆਸ-ਪਾਸ ਕੇਵਲ ਇੱਟਾਂ ਰੱਖ ਕੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ ਕਿ ਇਸ ਉੱਪਰੋਂ ਨਾ ਲੰਘੋਂ, ਹਾਦਸਾ ਵਾਪਰ ਸਕਦਾ ਹੈ।
ਮਾਛੀਵਾੜਾ ਸ਼ਹਿਰ ਵਿਚ 50 ਕਰੋੜ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਤਾਂ ਸ਼ੁਰੂ ਹੋ ਗਿਆ ਪਰ ਸ਼ੁਰੂਆਤ ਦੇ ਪਹਿਲੇ ਸਾਲ ਵਿਚ ਥਾਂ-ਥਾਂ ਲੀਕੇਜ, ਸੜਕਾਂ 'ਤੇ ਘੁੰਮਦਾ ਪਾਣੀ, ਟੁੱਟੇ ਮੈਨਹੋਲ ਇਸ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਅੱਗੇ ਗਰਮੀਆਂ ਦੇ ਮੌਸਮ ਵਿਚ ਬੀਮਾਰੀਆਂ ਫੈਲਣ ਦਾ ਡਰ ਹੈ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਸੀਵਰੇਜ ਸਿਸਟਮ ਨੂੰ ਦਰੁਸਤ ਕਰੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰੇ।
'ਡੰਡੇ' ਦਾ ਅਸਰ 8 ਕਿਲੋਮੀਟਰ ਦੂਰ ਪੈਂਦੇ ਇਲਾਕੇ 'ਚ ਵੀ
NEXT STORY